ਬ੍ਰਿਸਬੇਨ ਵਿਖੇ ''ਪੰਜਾਬ ਭਵਨ'' ਦੇ ਸੁੱਖੀ ਬਾਠ ਅਤੇ ਅਮਰੀਕ ਪਲਾਹੀ ਦਾ ਸਨਮਾਨ

02/04/2019 8:29:49 AM

ਬ੍ਰਿਸਬੇਨ, ( ਸਤਵਿੰਦਰ ਟੀਨੂੰ )— ਆਸਟਰੇਲੀਆ ਦੀ ਲਗਾਤਾਰ ਕਾਰਜਸ਼ੀਲ ਸਿਰਮੌਰ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ' ਵੱਲੋਂ ਮਿਤੀ 3 ਫ਼ਰਵਰੀ ਨੂੰ ਆਸਟਰੇਲੀਆ ਦੌਰੇ 'ਤੇ ਆਏ ਪੰਜਾਬ ਭਵਨ ਸਰੀ ਕੈਨੇਡਾ ਦੇ ਵਫ਼ਦ ਦਾ ਬ੍ਰਿਸਬੇਨ ਦੀ ਧਰਤੀ 'ਤੇ ਭਰਵਾਂ ਸਵਾਗਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪੰਜਾਬ ਭਵਨ ਸਰੀ ਦੇ ਉਸਰੱਈਏ ਅਤੇ ਦਾਨਵੀਰ ਸੁੱਖੀ ਬਾਠ ਆਸਟਰੇਲੀਆ ਦੇ ਵਿਸ਼ੇਸ਼ ਦੌਰੇ 'ਤੇ ਆਏ ਹਨ, ਉਨ੍ਹਾਂ ਦੇ ਨਾਲ ਅਮਰੀਕ ਪਲਾਹੀ ਵੀ ਆਏ ਹਨ । ਇਸ ਫੇਰੀ ਦਾ ਪਲੇਠਾ ਸਮਾਗਮ ਬ੍ਰਿਸਬੇਨ ਸ਼ਹਿਰ ਵਿੱਚ ਸਥਿਤ 'ਇੰਡੋਜ਼ ਪੰਜਾਬੀ ਲਾਇਬਰੇਰੀ' ਇਨਾਲਾ ਵਿਖੇ ਆਯੋਜਿਤ ਕੀਤਾ ਗਿਆ ।
ਇਸ ਬਹੁਪੱਖੀ ਸਮਾਗਮ ਦੇ ਪਹਿਲੇ ਸ਼ੈਸਨ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਸੁੱਖੀ ਬਾਠ, ਅਮਰੀਕ ਪਲਾਹੀ, ਇਪਸਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਇੰਡੋਜ਼ ਹੋਲਡਿੰਗਜ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਅਤੇ ਸੈਕਟਰੀ ਪਰਮਜੀਤ ਸਿੰਘ ਸਰਾਏ ਅਤੇ ਦਲਬੀਰ ਸਿੰਘ ਬੋਪਾਰਾਏ ਸ਼ੁਸੋਭਿਤ ਹੋਏ । ਸਮਾਗਮ ਦੀ ਸ਼ੁਰੂਆਤ ਇੰਡੋਜ਼ ਦੇ ਫਾਊਂਡਰ ਡਾਇਰੈਕਟਰ ਪਰਮਜੀਤ ਸਿੰਘ ਸਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਇਆ । ਇਸ ਤੋਂ ਬਾਅਦ ਨੌਜਵਾਨ ਗੀਤਕਾਰ ਸੁਰਜੀਤ ਸੰਧੂ ਨੇ ਸੁੱਖੀ ਬਾਠ ਅਤੇ ਪੰਜਾਬ ਭਵਨ ਨੂੰ ਸਮਰਪਿਤ ਗੀਤ ਨਾਲ ਆਪਣੀ ਹਾਜ਼ਰੀ ਲਵਾਈ । ਉਪਰੰਤ ਲਗਾਤਾਰ ਇਕ ਘੰਟੇ ਚੱਲੇ ਕਵੀ ਦਰਬਾਰ ਵਿੱਚ ਗ਼ਜ਼ਲਗੋ ਰੁਪਿੰਦਰ ਸੋਜ਼ ਅਤੇ ਜਸਵੰਤ ਵਾਗਲਾ ਨੇ ਖੂਬਸੂਰਤ ਗ਼ਜ਼ਲਾਂ ਨਾਲ ਸਰੋਤਿਆਂ ਤੋਂ ਦਾਦ ਵਸੂਲੀ, ਗੀਤਕਾਰ ਆਤਮਾ ਹੇਅਰ, ਪਾਲ ਰਾਊਕੇ, ਮਲਕੀਤ ਧਾਲੀਵਾਲ ਨੇ ਆਪਣਿਆਂ ਗੀਤਾਂ ਰਾਹੀਂ ਮਾਹੌਲ ਨੂੰ ਰੰਗਦਾਰ ਬਣਾ ਦਿੱਤਾ । ਸਟੇਜ ਸੰਚਾਲਿਕਾ ਕਵਿਤਾ ਖੁੱਲਰ ਨੇ ਸ਼ਿਵ ਦਾ ਗੀਤ 'ਸ਼ਿਕਰਾ ਯਾਰ' ਬੋਲ ਕੇ ਪ੍ਰੋਗਰਾਮ ਨੂੰ ਬੁਲੰਦੀ 'ਤੇ ਪਹੁੰਚਾ ਦਿੱਤਾ । ਅਮਨਪ੍ਰੀਤ ਕੌਰ ਟੱਲੇਵਾਲ ਨੇ ਤਰੰਨੁਮ ਵਿੱਚ ਖੂਬਸੂਰਤ ਗੀਤ ਸਰੋਤਿਆਂ ਦੇ ਸਨਮੁੱਖ ਕੀਤਾ । ਹਿੰਦੀ ਲੇਖਿਕਾ ਸੋਮਾ ਨਾਇਰ ਨੇ ਆਪਣੀਆਂ ਗ਼ਜ਼ਲਾਂ ਨਾਲ ਜਿਕਰਯੋਗ ਹਾਜ਼ਰੀ ਲਵਾਈ ।


ਇਸ ਸਮਾਗਮ ਦਾ ਦੂਸਰਾ ਸੈਸ਼ਨ ਜੋ ਕਿ ਸੈਮੀਨਾਰ ਅਤੇ ਰੂ-ਬ-ਰੂ 'ਤੇ ਆਧਾਰਿਤ ਸੀ, ਇਸ ਸ਼ੈਸਨ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਅਤੇ ਸੰਪਾਦਕ ਮਨਜੀਤ ਬੋਪਾਰਾਏ ਦੇ ਭਾਸ਼ਨ ਨਾਲ ਹੋਈ । ਮਨਜੀਤ ਬੋਪਾਰਾਏ ਨੇ ਆਸਟਰੇਲੀਆ ਵਿੱਚ ਇੰਡੋਜ਼ ਦੇ ਸੰਕਲਪ ਅਤੇ ਇਸ ਅੰਤਰਗਤ ਕੰਮ ਕਰਦੀ ਸੰਸਥਾ ਇਪਸਾ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ । ਕੈਨੇਡਾ ਤੋਂ ਆਏ ਵਿਸ਼ੇਸ਼ ਮਹਿਮਾਨ ਅਮਰੀਕ ਪਲਾਹੀ ਨੇ ਆਪਣੀ ਮਾਂ-ਬੋਲੀ ਅਤੇ ਸਾਹਿਤ ਦੀ ਭੂਮਿਕਾ ਬਾਰੇ ਅਤੇ ਪਰਵਾਸ ਵਿੱਚ ਟੁੱਟਦੇ ਪਰਿਵਾਰ, ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਅਤੇ ਮਾਨਵੀ ਮੁੱਲਾਂ ਦੇ ਹੋ ਰਹੇ ਘਾਣ ਬਾਰੇ ਆਪਣੇ ਵਿਚਾਰ ਰੱਖੇ । ਇੰਡੋਜ਼ ਥੀਏਟਰ ਦੇ ਡਾਇਰੈਕਟਰ ਅਤੇ ਰੇਡੀਓ ਹੋਸਟ ਰਛਪਾਲ ਹੇਅਰ ਨੇ ਪ੍ਰਵਾਸੀ ਜੀਵਨ ਵਿੱਚ ਪ੍ਰਸਾਰਣ ਮਾਧਿਅਮਾਂ ਦੇ ਪ੍ਰਮੁੱਖ ਰੂਪ ਰੇਡੀਓ ਅਤੇ ਟੈਲੀਵੀਜ਼ਨ ਦੀ ਭੂਮਿਕਾ ਬਾਰੇ ਆਪਣੀ ਗੱਲ-ਬਾਤ ਪੇਸ਼ ਕੀਤੀ । ਨੌਜਵਾਨ ਕਵੀ ਅਤੇ ਇਪਸਾ ਦੇ ਬੁਲਾਰੇ ਹਰਮਨਦੀਪ ਗਿੱਲ ਨੇ ਪ੍ਰਵਾਸ ਵਿੱਚ ਸਾਹਿਤ ਦੇ ਰੋਲ ਬਾਰੇ ਆਪਣੀ ਕੁੰਜੀਵਤ ਤਕਰੀਰ ਕੀਤੀ । ਇਸ ਸ਼ੈਸਨ 'ਚ ਸਰਬਜੀਤ ਸੋਹੀ ਨੇ ਕਿਸੇ ਕਾਰਨ ਵੱਸ ਗ਼ੈਰ-ਹਾਜ਼ਰ ਰਹਿ ਗਏ ਕਵਿੰਦਰ ਚਾਂਦ ਦਾ ਸੁਨੇਹਾ ਸਾਂਝਾ ਕਰਦਿਆਂ ਵਿਸ਼ਵ ਪੱਧਰ 'ਤੇ ਗਲੋਬਲੀ ਪੰਜਾਬ ਦੇ ਸੰਕਲਪ ਬਾਰੇ ਗੱਲ ਕੀਤੀ । 'ਵਿਸ਼ਵ ਦ੍ਰਿਸ਼ਟੀ ਮੰਚ 2020' ਦੀ ਰੂਪ-ਰੇਖਾ, ਮਨੋਰਥ, ਯੋਜਨਾਵਾਂ ਅਤੇ ਸੰਸਥਾਗਤ ਢਾਂਚੇ ਬਾਰੇ ਜਾਣਕਾਰੀ ਦਿੱਤੀ । ਪੰਜਾਬੀਅਤ ਦੇ ਪਾਸਾਰ ਲਈ ਸਾਹਿਤ ਦੀ ਭੂਮਿਕਾ ਨੂੰ ਸਭ ਤੋਂ ਅਹਿਮ ਮੰਨਦਿਆਂ ਇਸ ਲਈ ਹੋਰ ਯਤਨ ਕਰਨ ਦੀ ਅਪੀਲ ਕੀਤੀ ।

 
ਸਮਾਗਮ ਦੇ ਤੀਸਰੇ ਚਰਣ ਵਿੱਚ ਮੁੱਖ ਮਹਿਮਾਨ ਸ੍ਰੀ ਸੁੱਖੀ ਬਾਠ ਨੇ ਇਸ ਸੁਹਿਰਦ ਉਪਰਾਲੇ ਲਈ ਇੰਡੋਜ਼ ਦੇ ਸਾਰੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਇਤਿਹਾਸਿਕ ਪਹਿਲਕਦਮੀ ਦੱਸਿਆ । ਉਨਾਂ ਅਨੁਸਾਰ ਪੰਜਾਬ ਭਵਨ ਕੈਨੇਡਾ ਹੱਦਾਂ-ਸਰਹੱਦਾਂ ਤੋਂ ਪਾਰ ਜਾ ਕੇ ਵੀ ਪੰਜਾਬੀਅਤ ਲਈ ਯੋਗਦਾਨ ਪਾਵੇਗਾ । ਇਹ ਔਜ਼ੀ-ਕਨੇਡੀਅਨ ਦੋਸਤੀ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਵੱਸਦੇ ਪੰਜਾਬੀਆਂ ਦਾ ਇਕ ਸਾਂਝਾ ਮੰਚ ਬਣਨ ਦੀ ਨੀਂਹ ਬਣੇਗਾ । ਇਸ ਉਪਰੰਤ ਸਨਮਾਨਾਂ ਦੀ ਰਸਮ ਅਦਾ ਕਰਦਿਆਂ ਸਭ ਤੋਂ ਪਹਿਲਾਂ ਬ੍ਰਿਸਬੇਨ ਦੀ ਸਟੇਜ ਸੰਚਾਲਿਕਾ ਕਵਿਤਾ ਖੁੱਲਰ ਨੂੰ ਪਿਛਲੇ ਸਾਲ ਉਸਦੇ ਪਹਿਲੇ ਪੰਜਾਬੀ ਲਿਟਰੇਰੀ ਫੈਸਟੀਵਲ ਵਿੱਚ ਕੀਤੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ । ਫਿਰ ਅਮਰੀਕ ਪਲਾਹੀ, ਸੁੱਖੀ ਬਾਠ ਨੂੰ ਇਪਸਾ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਸ਼ਾਨਦਾਰ ਸੌਵੀਨਾਰ ਭੇਂਟ ਕੀਤੇ ਗਏ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਉੱਘੇ ਰੇਡੀਓ ਹੋਸਟ ਦਲਵੀਰ ਹਲਵਾਰਵੀ, ਰੀਅਲ ਇਸਟੇਟ ਕਾਰੋਬਾਰੀ ਰਘਬੀਰ ਸਿੰਘ ਸਰਾਏ, ਨਵਦੀਪ ਸਿੰਘ ਗਰੀਨ ਪਾਰਟੀ, ਦੀਪਿੰਦਰ ਸਿੰਘ, ਬਲਵਿੰਦਰ ਸਿੰਘ ਮੋਰੋਂ, ਰਣਬੀਰ ਸਿੰਘ ਖੱਟੜਾ,  ਬਲਦੇਵ ਸਿੰਘ ਨਿੱਝਰ, ਪ੍ਰੀਤਮ ਸਿੰਘ ਝੱਜ, ਤਰਸੇਮ ਸਿੰਘ ਸਹੋਤਾ, ਵਰਿੰਦਰ ਅਲੀਸ਼ੇਰ, ਕੁਲਦੀਪ ਕੌਰ  ਆਦਿ ਨਾਮਵਰ ਹਸਤਚਤੀਆਂ ਨੇ ਸ਼ਿਰਕਤ ਕੀਤੀ । ਅੰਤ ਵਿੱਚ ਇਪਸਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ ਅਤੇ ਇੰਡੋਜ਼ ਦੇ ਚੇਅਰਮੈਨ ਅਮਰਜੀਤ ਸਿੰਘ ਮਾਹਲ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ । ਸਟੇਜ ਸੈਕਟਰੀ ਦੀ ਭੂਮਿਕਾ ਕਵੀ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ ।