ਖੁਦ ਆਪਣੀ ਮੌਤ ਮਰ ਜਾਣਗੇ ਕੈਂਸਰ ਸੈੱਲਜ਼ : ਮਾਹਿਰ

07/04/2019 8:43:34 AM

ਨਿਊਯਾਰਕ, (ਅਨਸ)– ਕੈਂਸਰ ਦੇ ਮਰੀਜ਼ਾਂ ਨੂੰ ਨਵੀਂ ਆਸ ਦਿਵਾਉਣ ਦੇ ਮਕਸਦ ਨਾਲ ਖੋਜਕਾਰਾਂ ਨੇ ਇਕ ਨਵਾਂ ਤਰੀਕਾ ਲੱਭਿਆ ਹੈ, ਜਿਸ ਦੇ ਤਹਿਤ ਸਰੀਰ ’ਚ ਮੌਜੂਦ ਕੁਝ ਕੈਂਸਰ ਸੈੱਲਜ਼ ਆਤਮ-ਨਾਸ਼ ਕਰ ਕੇ ਖੁਦ ਆਪਣੀ ਹੀ ਮੌਤ ਮਰ ਜਾਣਗੇ। ਤੁਹਾਨੂੰ ਦੱਸ ਦਈਏ ਕਿ ਸਾਡੇ ਸਰੀਰ ’ਚ ਲੱਖਾਂ ਸੈੱਲਜ਼ ਸਾਨੂੰ ਖਤਰਨਾਕ ਸੈੱਲਜ਼ ਤੋਂ ਬਚਾਅ ਕੇ ਰੱਖਣ ਦੇ ਮਕਸਦ ਨਾਲ ਹਰ ਦਿਨ ਖੁਦ ਨੂੰ ਹੀ ਮਾਰ ਲੈਂਦੇ ਹਨ। ਉਥੇ ਹੀ ਦੂਜੇ ਪਾਸੇ ਕੈਂਸਰ ਸੈੱਲਜ਼ ਅਜਿਹੇ ਹੁੰਦੇ ਹਨ, ਜੋ ਸਾਡੇ ਇਮਿਊਨ ਸਿਸਟਮ ਨੂੰ ਨਜ਼ਰ-ਅੰਦਾਜ਼ ਕਰ ਕੇ ਖੁਦ ਨੂੰ ਬਚਾਈ ਰੱਖਣ ਦਾ ਰਸਤਾ ਲੱਭ ਲੈਂਦੇ ਹਨ।

ਜ਼ਿਆਦਾ ਪ੍ਰੋਟੀਨ ਉਤਪਾਦਨ ਨਾਲ ਖੁਦ ਹੀ ਮਰ ਜਾਂਦੇ ਹਨ ਕੈਂਸਰ ਸੈੱਲਜ਼

ਖੋਜਕਾਰਾਂ ਦੀ ਟੀਮ ਨੇ ਇਕ ਨਵੇਂ ਰਸਤੇ ਦੀ ਪਛਾਣ ਕੀਤੀ ਹੈ, ਜੋ ਐੱਮ. ਵਾਈ. ਸੀ. ਨਾਂ ਦੇ ਜੀਨ ਨਾਲ ਪਾਰਟਨਰਸ਼ਿਪ ਕਰੇਗਾ, ਜੋ ਨਾਰਮਲ ਸੈੱਲ ਦੀ ਗ੍ਰੋਥ ਨੂੰ ਕੰਟਰੋਲ ਕਰਦਾ ਹੈ ਪਰ ਜਦੋਂ ਇਹ ਕੈਂਸਰ ’ਚ ਬਦਲਾਅ ਹੋ ਕੇ ਵਧਣ ਲੱਗਦਾ ਹੈ ਤਾਂ ਇਹ ਇਕ ਚੇਨ ਰਿਐਕਸ਼ਨ ਕਰਦਾ ਹੈ, ਜਿਸ ਨਾਲ ਕੈਂਸਰ ਟਿਊਮਰ ਤੇਜ਼ੀ ਨਾਲ ਵਧਣ ਲੱਗਦਾ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵਿਗਿਆਨੀਆਂ ਵਲੋਂ ਲੱਭੇ ਗਏ ਇਸ ਪਾਥਵੇ ਯਾਨੀ ਰਸਤੇ ਨੂੰ ਨਾਂ ਦਿੱਤਾ ਗਿਆ ਹੈ ਏ. ਟੀ. ਐੱਫ.-4, ਜਿਸ ’ਚ ਪ੍ਰੋਟੀਨ ਸ਼ਾਮਲ ਹੈ ਅਤੇ ਜਦੋਂ ਇਸ ਰਸਤੇ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ ਤਾਂ ਕੈਂਸਰ ਸੈੱਲਜ਼ ਹੱਦ ਤੋਂ ਜ਼ਿਆਦਾ ਪ੍ਰੋਟੀਨ ਦਾ ਉਤਪਾਦਨ ਕਰਨ ਲੱਗਦੇ ਹਨ ਅਤੇ ਖੁਦ ਹੀ ਮਰ ਜਾਂਦੇ ਹਨ ਤਾਂ ਕਿ ਕੈਂਸਰ ਸੈੱਲਜ਼ ਨੂੰ ਸਰਵਾਈਵ ਕਰਨ ਦਾ ਮੌਕਾ ਨਾ ਮਿਲ ਸਕੇ

ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪ੍ਰੋਫੈਸਰ ਕਾਨਸਟੇਂਟੀਨੋਜ ਕੋਮੇਨਿਸ ਨੇ ਕਿਹਾ ਕਿ ਅਸੀਂ ਇਸ ਤੋਂ ਇਹ ਸਿੱਖਿਆ ਹੈ ਕਿ ਸਾਨੂੰ ਹੋਰ ਜ਼ਿਆਦਾ ਡੂੰਘਾਈ ’ਚ ਜਾਣ ਦੀ ਲੋੜ ਹੈ ਤਾਂ ਕਿ ਅਸੀਂ ਟਿਊਮਰ ਦੀ ਗ੍ਰੋਥ ਨੂੰ ਇਸ ਤਰ੍ਹਾਂ ਰੋਕ ਸਕੀਏ ਕਿ ਕੈਂਸਰ ਸੈੱਲਜ਼ ਆਸਾਨੀ ਨਾਲ ਬਚ ਕੇ ਨਾ ਨਿਕਲ ਸਕਣ ਅਤੇ ਸਾਡੀ ਸਟੱਡੀ ਇਸ ਟਾਰਗੈੱਟ ਦੀ ਪਛਾਣ ਕਰਨ ਲਈ ਹੀ ਕੀਤੀ ਗਈ ਹੈ। ਸਟੱਡੀ ਦੇ ਨਤੀਜੇ ਦਿਖਾਉਂਦੇ ਹਨ ਕਿ ਮੁੱਖ ਮਕਸਦ ਏ. ਟੀ. ਐੱਫ.-4 ਨੂੰ ਟਾਰਗੈੱਟ ਕਰਨਾ ਹੈ ਕਿਉਂਕਿ ਇਹ ਉਹ ਪੁਆਇੰਟ ਹੈ, ਜਿਥੇ ਦੋਵੇਂ ਸਿਗਨਲ ਰਸਤੇ ਆ ਕੇ ਮਿਲਦੇ ਹਨ। ਇਸ ਦਾ ਮਤਲਬ ਹੈ ਕਿ ਕੈਂਸਰ ਨੂੰ ਸਰਵਾਈਵ ਕਰਨ ਦਾ ਮੌਕਾ ਹੀ ਨਾ ਮਿਲ ਸਕੇ।