ਕੈਨਬਰਾ 'ਚ ਘਰ ਨੂੰ ਜਾਣਬੁੱਝ ਕੇ ਲਾਈ ਗਈ ਅੱਗ, ਮਾਂ ਸਮੇਤ 2 ਬੱਚਿਆਂ ਦੀ ਮੌਤ

02/20/2018 3:50:57 PM

ਕੈਨਬਰਾ— ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਸੋਮਵਾਰ ਨੂੰ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਰ ਨੂੰ ਜਾਣਬੁੱਝ ਕੇ ਅੱਗ ਲਾਈ ਗਈ। ਫੋਰੈਂਸਿਕ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਜ਼ਿਆਦਾ ਸਮਾਂ ਬਤੀਤ ਕੀਤਾ, ਤਾਂ ਕਿ ਕੋਈ ਸੁਰਾਗ ਮਿਲ ਸਕੇ ਪਰ ਅਜਿਹਾ ਕੁਝ ਵੀ ਹੱਥ ਨਹੀਂ ਲੱਗਾ। ਫਾਇਰ ਫਾਈਟਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਅਤੇ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਪੁਲਸ ਨੇ ਦੱਸਿਆ ਕਿ ਲਾਸ਼ਾਂ ਇਕ ਔਰਤ ਅਤੇ ਦੋ ਬੱਚਿਆਂ ਦੀਆਂ ਹਨ। ਔਰਤ ਅਤੇ ਦੋ ਬੱਚੇ ਘਰ ਵਿਚ ਰਹਿੰਦੇ ਸਨ। ਪੁਲਸ ਨੇ ਇਕ ਵਿਅਕਤੀ ਨੂੰ ਪੁੱਛ-ਗਿੱਛ 'ਚ ਮਦਦ ਲਈ ਹਿਰਾਸਤ ਵਿਚ ਲਿਆ ਅਤੇ ਉਸ ਨੂੰ ਬਿਨਾਂ ਕਿਸੇ ਦੋਸ਼ 'ਤੇ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ ਸੀ। 


ਪੁਲਸ ਦੇ ਇਕ ਬੁਲਾਰੇ ਨੇ ਮੀਡੀਆ ਨੂੰ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਲਾਸ਼ਾਂ ਨੂੰ ਹਟਾ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਘਰ ਨੂੰ ਅੱਗ ਜਾਣਬੁੱਝ ਲਾਈ ਗਈ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਅਧਿਕਾਰੀਆਂ ਨੇ ਪੀੜਤਾਂ ਦੇ ਨਾਂ ਅਤੇ ਉਮਰਾਂ ਦੀ ਪੁਸ਼ਟੀ ਨਹੀਂ ਕੀਤੀ। ਇਹ ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲੀ ਔਰਤ ਦੀ ਉਮਰ 30 ਕੁ ਸਾਲ ਅਤੇ ਉਸ ਦੇ ਦੋ ਬੱਚੇ ਜੋ ਅੱਗ ਲੱਗਣ ਕਾਰਨ ਮਰ ਗਏ, ਉਹ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਲੱਗਦੇ ਸਨ। ਗੁਆਂਢੀਆਂ ਦਾ ਕਹਿਣਾ ਹੈ ਕਿ ਔਰਤ ਆਪਣੇ ਬੱਚਿਆਂ ਨਾਲ ਪਿਛਲੇ 5 ਸਾਲਾਂ ਤੋਂ ਇੱਥੇ ਰਹਿ ਰਹੀ ਸੀ। ਬੀਤੀ ਰਾਤ, ਅਸੀਂ ਚੰਗੀ ਤਰ੍ਹਾਂ ਸੌਂ ਨਹੀਂ ਸਕੇ। ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਅੱਗ 'ਚ ਬੱਚੇ ਵੀ ਅੱਗ 'ਚ ਮਰ ਗਏ।