ਅੱਜ ਬੰਦ ਹੋਣਗੀਆਂ ਕੈਨੇਡਾ ਦੀਆਂ ਬੱਤੀਆਂ (ਤਸਵੀਰਾਂ)

03/25/2017 6:13:44 PM

ਓਟਾਵਾ— ਪੂਰੀ ਦੁਨੀਆ ਵਿਚ ਅੱਜ ਬਿਜਲੀ ਨੂੰ ਬਚਾਉਣ ਲਈ ''ਅਰਥ ਆਵਰ'' ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਕੈਨੇਡਾ ਵਿਚ ਵੀ ਕਈ ਥਾਵਾਂ ''ਤੇ ਬੱਤੀਆਂ ਬੰਦ ਕਰਕੇ ਇਸ ਦਾ ਸਮਰਥਨ ਕੀਤਾ ਜਾਵੇਗਾ। ਇਸ ਆਯੋਜਨ ਦਾ ਮਕਸਦ ਤੇਜ਼ੀ ਨਾਲ ਹੋ ਰਹੇ ਜਲਵਾਯੂ ਪਰਿਵਰਤਨ ਵੱਲ ਲੋਕਾਂ ਦਾ ਧਿਆਨ ਖਿੱਚਣਾ ਹੈ ਅਤੇ ਇਹ ਦਿਖਾਉਣਾ ਹੈ ਕਿ ਗਰੀਨ ਹਾਊਸ ਗੈਸਾਂ ਦੇ ਉਤਸਰਜਣ ਨੂੰ ਘੱਟ ਕਰਨ ਲਈ ਸਾਰੇ ਲੋਕ ਇਕਜੁੱਟ ਹਨ। ''ਅਰਥ ਆਵਰ'' ਦੇ ਆਯੋਜਨਾਂ ਵਿਚ ਸਾਲ 2007 ਤੋਂ ਹੁਣ ਤੱਕ ''ਦਿ ਵਰਲਡ ਵਾਈਲਡਲਾਈਫ ਫੰਡ'' (ਡਬਲਿਊ. ਡਬਲਿਊ. ਐੱਫ.) ਚੈਂਪੀਅਨ ਰਿਹਾ ਹੈ। ਇਸ ਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਕੀਤੀ ਗਈ ਸੀ। ਹੁਣ ਇਹ ਇਕ ਵਿਸ਼ਵ ਪੱਧਰੀ ਮੁਹਿੰਮ ਬਣ ਚੁੱਕੀ ਹੈ। ਡਬਲਿਊ. ਡਬਲਿਊ. ਐੱਫ. ਨੇ ਦੱਸਿਆ ਕਿ ਅਰਥ ਆਵਰ ਦੌਰਾਨ ਮਾਂਟਰੀਅਲ ਵਿਚ ਕੈਂਡਲ ਮਾਰਚ, ਵੈਨਕੂਵਰ ਵਿਚ ਤਾਰਿਆਂ ਦੀ ਛਾਂ ਹੇਠ ਸਕੇਟਿੰਗ ਤੋਂ ਲੈ ਕੇ ਟਰਾਂਟੋ ਵਿਚ ਯੋਗਾ ਦਾ ਆਯੋਜਨ ਕੀਤਾ ਜਾਵੇਗਾ। ਬੀਤੇ ਸਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਕੈਬਨਿਟ ਮੰਤਰੀਆਂ ਨੇ ਇਨ੍ਹਾਂ ਆਯੋਜਨਾਂ ਵਿਚ ਸ਼ਮੂਲੀਅਤ ਕੀਤੀ ਸੀ। ਡਬਲਿਊ. ਡਬਲਿਊ. ਐੱਫ. ਨੇ ਕਿਹਾ ਕਿ ਅਰਥ ਆਵਰ ਦਾ ਮਕਸਦ ਜਾਗਰੂਕਤਾ ਫੈਲਾ ਕੇ ਬਿਜਲੀ ਦੀ ਵਰਤੋਂ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣਾ ਹੈ।

Kulvinder Mahi

This news is News Editor Kulvinder Mahi