ਪਰਿਵਾਰ ਗਵਾਉਣ ਵਾਲੇ ਕੈਨੇਡੀਅਨ ਦੀ ਦਰਕਾਰ, ਤਬਾਹ ਹੋ ਜਾਵੇ 737 ਮੈਕਸ ਕੰਪਨੀ

07/16/2019 9:20:09 PM

ਓਟਾਵਾ (ਏਜੰਸੀ)- ਬੋਇੰਗ ਜਹਾਜ਼ ਹਾਦਸੇ ਵਿਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਗੁਆਉਣ ਵਾਲੇ ਪਾਲ ਨਰੋਗੋ ਚਾਹੁੰਦੇ ਹਨ ਕਿ 737 ਮੈਕਸ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ। ਕੰਪਨੀ ਦੇ ਚੋਟੀ ਦੇ ਅਧਿਕਾਰੀਆਂ 'ਤੇ ਕਾਰਵਾਈ ਨਾ ਹੋਣ ਨਾਲ ਵੀ ਉਹ ਖਫਾ ਹੈ। ਉਹ ਜਹਾਜ਼ਾਂ ਨੂੰ ਸੇਵਾ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਪਿਛਲੇ 9 ਮਹੀਨੇ ਤੋਂ ਸਰਗਰਮ ਹੈ। ਇਥੋਪੀਆ ਏਅਰਲਾਈਨਜ਼ ਦੇ ਬੋਇੰਗ ਜਹਾਜ਼ ਹਾਦਸੇ ਵਿਚ ਆਪਣੀ ਪਤਨੀ ਅਤੇ ਤਿੰਨ ਬੱਚੇ ਗਵਾਉਣ ਵਾਲੇ ਕੈਨੇਡੀਆਈ ਨਾਗਰਿਕ ਪਾਲ ਨਰੋਗੋ ਨੇ 737 ਮੈਕਸ ਜਹਾਜ਼ਾਂ ਨੂੰ ਤਬਾਹ ਕਰਨ ਦੀ ਮੰਗ ਕੀਤੀ ਹੈ।

ਪਾਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਹੋਏ ਹਾਦਸੇ ਤੋਂ ਬਾਅਦ ਵੀ 737 ਮੈਕਸ ਜਹਾਜ਼ਾਂ ਨੂੰ ਸੇਵਾ ਤੋਂ ਹਟਾਇਆ ਨਹੀਂ ਗਿਆ ਹੈ। ਅਜਿਹਾ ਨਾ ਕਰਨ ਵਾਲੇ ਬੋਇੰਗ ਦੇ ਚੋਟੀ ਦੇ ਅਧਿਕਾਰੀਆਂ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਹੈ। ਉਨ੍ਹਾਂ 'ਤੇ ਅਪਰਾਧਕ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਪਾਲ ਬੁੱਧਵਾਰ ਨੂੰ ਬੋਇੰਗ ਮਾਮਲੇ ਦੀ ਜਾਂਚ ਕਰ ਰਹੀ ਅਮਰੀਕੀ ਸੰਸਦ ਦੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖਣਗੇ। ਇਸ ਸਾਲ ਮਾਰਚ ਵਿਚ ਇਥੋਪੀਆ ਦੇ ਅਦੀਸ ਅਬਾਬਾ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਣ ਤੋਂ ਕੁਝ ਮਿੰਟ ਬਾਅਦ ਹੀ ਬੋਇੰਗ 737 ਮੈਕਸ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ 157 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿਚ ਪਾਲ ਦਾ ਪਰਿਵਾਰ ਵੀ ਸ਼ਾਮਲ ਸੀ।

ਪਿਛਲੇ ਸਾਲ ਅਕਤੂਬਰ ਵਿਚ ਇੰਡੋਨੇਸ਼ੀਆ ਵਿਚ ਵੀ ਬੋਇੰਗ ਦਾ 737 ਮੈਕਸ ਜਹਾਜ਼ ਇਸੇ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਹਾਦਸੇ ਵਿਚ 189 ਲੋਕਾਂ ਦੀ ਮੌਤ ਹੋਈ ਸੀ। ਲਗਾਤਾਰ ਹਾਦਸਿਆਂ ਤੋਂ ਬਾਅਦ ਅਮਰੀਕੀ ਕੰਪਨੀ ਬੋਇੰਗ ਦੀ ਕੌਮਾਂਤਰੀ ਪੱਧਰ 'ਤੇ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਆਪਣੇ 737 ਮੈਕਸ ਜਹਾਜ਼ ਸੇਵਾ ਤੋਂ ਹਟਾਉਣੇ ਪਏ ਸਨ। ਹਾਦਸੇ ਵਿਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਗਵਾਉਣ ਨਾਲ ਪਾਲ ਨਰੋਗੋ ਬਹੁਤ ਦੁਖੀ ਹਨ। ਹਾਦਸੇ ਤੋਂ ਬਾਅਦ ਤੋਂ ਹੀ ਉਹ ਬੋਇੰਗ ਅਤੇ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ (ਐਫ.ਏ.ਏ.) ਦੇ ਖਿਲਾਫ ਜੁਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੋਇੰਗ ਅਤੇ ਐਫ.ਏ.ਏ. ਨੇ ਠੀਕ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਅਤੇ ਅਕਤੂਬਰ ਦੇ ਹਾਦਸੇ ਤੋਂ ਬਾਅਦ ਹੀ 737 ਮੈਕਸ ਜਹਾਜ਼ਾਂ ਦੀ ਸੇਵਾ ਬੰਦ ਕਰਵਾ ਦਿੱਤੀ ਹੁੰਦੀ ਤਾਂ ਅੱਜ ਉਨ੍ਹਾਂ ਦਾ ਪਰਿਵਾਰ ਜੀਉਂਦਾ ਹੁੰਦਾ।

Sunny Mehra

This news is Content Editor Sunny Mehra