ਆਸਟਰੇਲੀਆ : ਜਹਾਜ਼ 'ਚੋਂ ਉੱਤਰਦਿਆਂ ਫੜੇ ਗਏ ਦੋ ਵਿਅਕਤੀ, ਨਸ਼ੀਲੇ ਪਦਾਰਥ ਜ਼ਬਤ

03/10/2018 5:00:56 PM

ਸਿਡਨੀ/ਕੈਨੇਡਾ— ਆਸਟਰੇਲੀਆ ਦੇ ਹਵਾਈ ਅੱਡੇ ਤੋਂ ਵੀਰਵਾਰ ਨੂੰ ਇਕ ਕੈਨੇਡੀਅਨ ਔਰਤ ਅਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ ਨੇ ਆਪਣੇ ਸਾਮਾਨ 'ਚ ਨਸ਼ੀਲਾ ਪਦਾਰਥ ਛੁਪਾਇਆ ਹੋਇਆ ਸੀ। 43 ਸਾਲਾ ਕੈਨੇਡੀਅਨ ਔਰਤ ਨੂੰ ਮੈਲਬੌਰਨ ਕੌਮਾਂਤਰੀ ਹਵਾਈ ਅੱਡੇ ਤੋਂ ਫੜਿਆ ਗਿਆ ਜੋ ਭਾਰਤ ਤੋਂ ਆਈ ਸੀ। ਇਸ ਦੇ ਨਾਲ ਇਕ ਪੁਰਤਗਾਲੀ ਵਿਅਕਤੀ ਵੀ ਸੀ ਅਤੇ ਉਸ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ। 
ਜਦ ਹਵਾਈ ਅੱਡੇ 'ਤੇ ਆਸਟਰੇਲੀਅਨ ਸਰਹੱਦ ਫੋਰਸ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਹਾਂ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਕਾਸਮੈਟਿਕ ਸਮਾਨ 'ਚੋਂ ਨਸ਼ੀਲੇ ਪਦਾਰਥ ਮਿਲੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਬਾਡੀ ਲੋਸ਼ਨ ਦੀਆਂ ਬੋਤਲਾਂ 'ਚ ਨਸ਼ੀਲੇ ਪਦਾਰਥ ਭਰੇ ਹੋਏ ਸਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ 800 ਮਿਲੀ ਲਿਟਰ ਕੈਟਾਮਾਈਨ ਅਤੇ 200 ਮਿਲੀ ਲਿਟਰ ਗਾਮਾ ਹਾਇਡਰੋਕਸਯਬਿਊਟਰਿਟਰ (ਜੀ.ਐੱਚ.ਬੀ.) ਮਿਲੇ ਹਨ। ਇਹ ਨਸ਼ੀਲੇ ਪਦਾਰਥ ਨਾਈਟ ਕਲੱਬਾਂ ਆਦਿ ਲਈ ਵਰਤੇ ਜਾਂਦੇ ਹਨ। 
ਇਸ ਜੋੜੇ ਅਤੇ ਉਸ ਦੇ ਸਾਮਾਨ ਨੂੰ ਆਸਟਰੇਲੀਅਨ ਸੰੰਘੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਘੱਟੋ-ਘੱਟ 25 ਸਾਲਾਂ ਦੀ ਸਜ਼ਾ ਮਿਲ ਸਕਦੀ ਹੈ। ਦੋਹਾਂ ਦੋਸ਼ੀਆਂ ਦੇ ਨਾਂ ਅਜੇ ਤਕ ਸਾਂਝੇ ਨਹੀਂ ਕੀਤੇ ਗਏ। 
ਤੁਹਾਨੂੰ ਦੱਸ ਦਈਏ ਕਿ ਹੁਣ ਤਕ ਕਈ ਕੈਨੇਡੀਅਨ ਆਸਟਰੇਲੀਆ ਦੀ ਸਰਹੱਦ 'ਤੇ ਨਸ਼ੇ ਪਦਾਰਥਾਂ ਦੀ ਤਸਕਰੀ ਦੌਰਾਨ ਫੜੇ ਗਏ ਹਨ। ਪਿਛਲੇ ਮਹੀਨੇ ਹੀ 3 ਕੈਨੇਡੀਅਨ ਨਾਗਰਿਕ ਆਸਟਰੇਲੀਆ 'ਚ ਫੜੇ ਗਏ ਸਨ, ਜਿਨ੍ਹਾਂ 'ਚੋਂ ਦੋ ਕਿਊਬਿਕ ਸੂਬੇ ਦੀਆਂ ਔਰਤਾਂ ਸਨ। ਇਸ ਤੋਂ ਪਹਿਲਾਂ ਅਕਤੂਬਰ 'ਚ ਵੀ 3 ਕੈਨੇਡੀਅਨਾਂ ਕੋਲੋਂ 20 ਮਿਲੀਅਨ ਡਾਲਰਾਂ ਦਾ ਨਸ਼ਾ ਫੜਿਆ ਗਿਆ ਸੀ ਅਤੇ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ।