ਕੈਨੇਡਾ ਨੂੰ ਟਰੰਪ ਦੇ ਯਾਤਰਾ ਪਾਬੰਦੀ ਸੰਬੰਧੀ ਫੈਸਲੇ ਦੇ ਹੋਰ ਵੇਰਵਿਆਂ ਦੀ ਉਡੀਕ : ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ

06/27/2017 11:07:20 AM

ਵਾਸ਼ਿੰਗਟਨ / ਟੋਰਾਂਟੋ— ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇ ਮੁਸਲਮਾਨ ਦੇਸ਼ਾਂ ਦੇ ਟਰੈਵਲਰਜ਼ ਉੱਤੇ ਪਾਬੰਦੀ ਲਗਾਏ ਜਾਣ ਦੇ ਫੈਸਲੇ ਨੂੰ ਮੁੜ ਬਹਾਲ ਕਰਨ ਸੰਬੰਧੀ ਟਰੂਡੋ ਸਰਕਾਰ ਹੋਰ ਵੇਰਵਿਆਂ ਦੀ ਉਡੀਕ ਹੈ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਪ੍ਰਭਾਵਿਤ ਦੇਸ਼ਾਂ ਤੋਂ ਦੋਹਰੀ ਨਾਗਰਿਕਤਾ ਰੱਖਣ ਵਾਲੇ ਵਿਅਕਤੀਆਂ, ਜਿਹੜੇ ਕੈਨੇਡੀਅਨ ਪਾਸਪੋਰਟ ਉੱਤੇ ਸਫਰ ਕਰ ਰਹੇ ਹੋਣਗੇ ਉਨ੍ਹਾਂ ਉੱਤੇ ਇਹ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ।
ਬੁਲਾਰੇ ਬਰਨੀ ਡੈਰੀਬਲ ਨੇ ਇਹ ਵੀ ਕਿਹਾ ਕਿ ਇਨ੍ਹਾਂ ਛੇ ਦੇਸ਼ਾਂ ਦੇ ਸਥਾਈ ਕੈਨੇਡੀਅਨ ਵਾਸੀਆਂ, ਜਿਨ੍ਹਾਂ ਕੋਲ ਯੋਗ ਰੈਜ਼ੀਡੈਂਟ ਕਾਰਡਜ਼ ਹੋਣਗੇ ਤੇ ਯੋਗ ਅਮਰੀਕੀ ਵੀਜ਼ੇ ਹੋਣਗੇ ਅਤੇ ਜਿਨ੍ਹਾਂ ਨੂੰ ਅਮਰੀਕਾ ਦੇ ਬਾਰਡਰ ਅਧਿਕਾਰੀਆਂ ਵੱਲੋਂ ਅਮਰੀਕਾ ਦਾਖਲ ਹੋਣ ਦੇ ਯੋਗ ਮੰਨਿਆ ਜਾਵੇਗਾ ਉਨ੍ਹਾਂ ਦੀ ਐਂਟਰੀ ਉੱਤੇ ਬੈਨ ਨਹੀਂ ਲੱਗੇਗਾ।
ਡੈਰੀਬਲ ਨੇ ਇੱਕ ਬਿਆਨ ਵਿੱਚ ਕਿਹਾ,''ਅਸੀਂ ਅਮਰੀਕੀ ਅਧਿਕਾਰੀਆਂ ਤੋਂ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 'ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ' ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਇਸ ਐਗਜ਼ੈਕਟਿਵ ਆਰਡਰ ਤੇ ਅਦਾਲਤ ਦੇ ਫੈਸਲੇ ਬਾਰੇ ਵਿਦੇਸ਼ ਮੰਤਰਾਲੇ ਤੇ ਨਿਆਂ ਮੰਤਰਾਲੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਜਲਦ ਹੀ ਸਾਰੇ ਵੇਰਵੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਆਖਿਆ ਕਿ ਹੋਰਨਾਂ ਮੁਲਕਾਂ ਵਾਂਗ ਹੀ ਆਖਰੀ ਫੈਸਲਾ ਅਮਰੀਕੀ ਅਧਿਕਾਰੀਆਂ ਦਾ ਹੋਵੇਗਾ ਕਿ ਉਨ੍ਹਾਂ ਦੇ ਮੁਲਕ ਕੌਣ ਦਾਖਲ ਹੋ ਸਕਦਾ ਹੈ ਤੇ ਕੌਣ ਨਹੀਂ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਜਨਵਰੀ 'ਚ ਇਕ ਬਿਆਨ ਜਾਰੀ ਕਰਦਿਆਂ ਈਰਾਨ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਦੇ ਨਾਗਰਿਕਾਂ 'ਤੇ ਅਮਰੀਕਾ ਆਉਣ 'ਤੇ ਰੋਕ ਲਗਾ ਦਿੱਤੀ ਸੀ।  ਇਸ ਸੂਚੀ 'ਚ ਇਰਾਕ ਦਾ ਵੀ ਨਾਂ ਸੀ ਪਰ 6 ਮਾਰਚ ਨੂੰ ਇਰਾਕ ਨੂੰ ਇਸ ਸੂਚੀ 'ਚੋਂ ਕੱਢ ਦਿੱਤਾ ਗਿਆ ਸੀ।