ਅਫਰੀਕੀ ਚੋਟੀ ਤੋਂ ਕੈਨੇਡੀਅਨ ਟੂਰਿਸਟ ਨੇ ਮਾਰੀ ਛਾਲ, ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਮੌਤ

09/30/2019 9:57:00 AM

ਟੋਰਾਂਟੋ (ਬਿਊਰੋ)— ਕੈਨੇਡੀਅਨ ਟੂਰਿਸਟ ਨਾਲ ਪੂਰਬੀ ਅਫਰੀਕਾ ਦੇ ਸਭ ਤੋਂ ਲੋਕਪ੍ਰਿਅ ਸੈਲਾਨੀ ਸਥਲ ਮਾਊਂਟ ਕਿਲੀਮੰਜਾਰੋ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਅਸਲ ਵਿਚ ਤੰਜਾਨੀਆ ਵਿਚ ਸਥਿਤ ਇਸ ਚੋਟੀ ਤੋਂ ਕੈਨੇਡੀਅਨ ਟੂਰਿਸਟ ਨੇ ਛਾਲ ਮਾਰੀ ਪਰ ਸਮੇਂ ਸਿਰ ਪੈਰਾਸ਼ੂਟ ਖੁੱਲ੍ਹਣ ਨਾ ਕਾਰਨ ਉਸ ਦੀ ਮੌਤ ਹੋ ਗਈ। ਤੰਜਾਨੀਆ ਰਾਸ਼ਟਰੀ ਪਾਰਕ ਦੇ ਸੀਨੀਅਰ ਸਹਾਇਕ ਸੁਰੱਖਿਆ ਕਮਿਸ਼ਨਰ ਪਾਰਕਲ ਸ਼ੇਲੁਟੇਟ ਨੇ ਦੱਸਿਆ ਕਿ 51 ਸਾਲਾ ਜਸਟਿਨ ਕਾਇਲੋ ਨੇ ਪਹਾੜੀ ਤੋਂ ਛਾਲ ਮਾਰੀ ਪਰ ਸਮੇਂ ਸਿਰ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਉਸ ਦੀ ਮੌਤ ਹੋ ਗਈ।

ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਬਹੁਤ ਦੁਰਲੱਭ ਮਾਮਲਾ ਹੈ। ਅਸੀਂ ਸਾਰੇ ਇਸ ਘਟਨਾ ਨਾਲ ਹੈਰਾਨ ਹਾਂ। ਇੱਥੇ ਜੰਗਲੀ ਜੀਵਨ ਦੇ ਨਜਾਰਿਆਂ ਨੂੰ ਦੇਖਦੇ ਹੋਏ ਪੈਰਾਗਲਾਈਡਿੰਗ ਦੇ ਅਨੁਭਵ ਨੂੰ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਪਰ ਇਸ ਤਰ੍ਹਾਂ ਦੀ ਘਟਨਾ ਕਦੇ ਨਹੀਂ ਵਾਪਰੀ। ਸ਼ੇਲੁਟੇਟ ਨੇ ਦੱਸਿਆ ਕਿ ਜਸਟਿਨ ਦੇ ਕਰੀਬੀ ਰਿਸ਼ਤੇਦਾਰਾਂ ਦੇ ਨਾਲ ਹੀ ਕੈਨੇਡਾ ਹਾਈ ਕਮਿਸ਼ਨ ਨੂੰ ਉਨ੍ਹਾਂ ਦੀ ਮੌਤ ਖਬਰ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 9 ਵਜੇ ਇਹ ਹਾਦਸਾ ਵਾਪਰਿਆ, ਜਦੋਂ ਜਸਟਿਨ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ।

ਜਸਟਿਨ 20 ਸਤੰਬਰ ਨੂੰ ਪਹਾੜੀ 'ਤੇ ਚੜ੍ਹੇ ਸਨ ਅਤੇ ਪੈਰਾਗਲਾਈਡਿੰਗ ਕਰਦਿਆਂ ਹੇਠਾਂ ਆਉਣਾ ਚਾਹੁੰਦੇ ਸਨ। ਕਿਲੀਮੰਜਾਰੋ ਪਹਾੜ 'ਤੇ ਸਾਲ 1889 ਵਿਚ ਪਹਿਲੀ ਵਾਰ ਸਫਲਤਾਪੂਰਵਕ ਚੜ੍ਹਾਈ ਕੀਤੀ ਗਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਾਊਂਟ ਕਿਲੀਮੰਜਾਰੋ, ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਹੈ ਜਿਸ ਦੀ ਸਮੁੰਦਰ ਤਲ ਤੋਂ ਉਚਾਈ 6,000 ਮੀਟਰ ਜਾਂ 20 ਹਜ਼ਾਰ ਫੁੱਟ ਹੈ। ਹਰੇਕ ਸਾਲ ਇੱਥੇ ਕਰੀਬ 50 ਹਜ਼ਾਰ ਤੋਂ ਵੱਧ ਸੈਲਾਨੀ ਆਉਂਦੇ ਹਨ ਅਤੇ ਕਿਲੀਮੰਜਾਰੋ ਦੀ ਚੋਟੀ 'ਤੇ ਚੜ੍ਹਦੇ ਹਨ। ਟੂਰਿਜ਼ਮ ਇੱਥੋਂ ਦਾ ਮੁੱਖ ਕਾਰੋਬਾਰ ਹੈ ਅਤੇ ਇਸ ਨਾਲ ਦੇਸ਼ ਨੂੰ ਕਰੀਬ 2.5 ਅਰਬ ਡਾਲਰ ਦੀ ਆਮਦਨ ਹੁੰਦੀ ਹੈ।


Vandana

Content Editor

Related News