ਕੈਨੇਡਾ ਦਾ ਹਸਪਤਾਲ ਸੀਰੀਆ ''ਚ ਬੰਬਾਰੀ ਦੌਰਾਨ ਹੋਇਆ ਢਹਿ-ਢੇਰੀ

04/30/2016 2:30:42 PM

ਅਲੈਪੋ— ਕੈਨੇਡਾ ਵਲੋਂ ਸੀਰੀਆ ਦੇ ਅਲੈਪੋ ''ਚ ਬਣਾਇਆ ਗਿਆ ਇੱਕ ਹਸਪਤਾਲ ਇੱਥੇ ਹੋ ਰਹੇ ਹਵਾਈ ਹਮਲਿਆਂ ਕਾਰਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਇਹ ਹਸਪਤਾਲ ਕੈਨੇਡਾ ਦੇ ਇੱਕ ਐੱਨ. ਜੀ. ਓ. (ਗ਼ੈਰ-ਮੁਨਾਫਾ ਸੰਗਠਨ) ਵਲੋਂ ਬਣਾਇਆ ਗਿਆ ਸੀ। ਉੱਧਰ ਇਸ ਹਸਪਤਾਲ ਦੇ ਢਹਿ-ਢੇਰੀ ਹੋਣ ਦਾ ਕਾਰਨ ਕੈਨੇਡਾ ਸਰਕਾਰ ਰੂਸ ਅਤੇ ਸੀਰੀਆ ਦੇ ਫੌਜੀਆਂ ਵਲੋਂ ਕੀਤੇ ਗਏ ਹਵਾਈ ਹਮਲਿਆਂ ਨੂੰ ਮੰਨ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਕਾਫ਼ੀ ਦਿਨਾਂ ਤੋਂ ਇੱਥੇ ਬੰਬਾਰੀ ਦੀਆਂ ਘਟਨਾਵਾਂ ''ਚ ਵਾਧਾ ਹੋ ਰਿਹਾ ਹੈ ਅਤੇ ਬੀਤੇ ਤਿੰਨ ਦਿਨਾਂ ''ਚ ਇੱਥੇ ਦੋ ਵਾਰ ਬੰਬ ਸੁੱਟੇ ਗਏ, ਜਿਸ ਕਰਕੇ ਇਹ ਹਸਪਤਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਓਕਵਿਲੇ ਦੇ ਕੈਨੇਡੀਅਨ-ਸੀਰੀਅਨ ਸਿਵਲ ਸਰਜਨ ਅਨਸ ਅਸ ਕਸੀਮ ਨੇ ਦੱਸਿਆ ਕਿ ਜਿਸ ਦਿਨ ਹਸਪਤਾਲ ''ਤੇ ਬੰਬ ਸੁੱਟਿਆ ਗਿਆ, ਉਸ ਦਿਨ ਇੱਥੇ ਸਰਕਾਰੀ ਛੁੱਟੀ ਸੀ। ਇਸ ਕਾਰਨ ਹਸਪਤਾਲ ਅੰਦਰ ਨਾ ਤਾਂ ਵਧੇਰੇ ਮਰੀਜ਼ ਸਨ ਅਤੇ ਨਾ ਹੀ ਡਾਕਟਰ, ਜਿਸ ਕਰਕੇ ਕਿਸੇ ਦੀ ਵੀ ਇਸ ਹਾਦਸੇ ''ਚ ਜਾਨ ਨਹੀਂ ਗਈ। ਉਨ੍ਹਾਂ ਕਿਹਾ ਕਿ ਕੁਝ ਲੋਕ, ਜਿਹੜੇ ਹਸਪਤਾਲ ਦੇ ਅੰਦਰ ਸਨ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐੱਨ. ਜੀ. ਓ. (ਗ਼ੈਰ-ਮੁਨਾਫ਼ਾ ਸੰਗਠਨ) ਵਲੋਂ ਇਹ ਹਸਪਤਾਲ 2014 ''ਚ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਇਸ ਹਸਪਤਾਲ ''ਚ ਸੀਰੀਆ ਦੇ ਲੋਕਾਂ ਦਾ ਇਲਾਜ ਹੋ ਰਿਹਾ ਸੀ। ਇਸ ਹਸਪਤਾਲ ''ਚ ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਸੀ। ਬੀਤੇ ਇੱਕ ਸਾਲ ''ਚ ਇੱਥੇ ਵੱਧ ਰਹੀਆਂ ਅੱਤਵਾਦੀ ਘਟਾਨਾਵਾਂ ਕਾਰਨ ਇਸ ਹਸਪਤਾਲ ''ਚ ਕੋਈ ਵੀ ਕੈਨੇਡੀਅਨ ਡਾਕਟਰ ਨਹੀਂ ਸੀ ਅਤੇ ਇੱਥੋਂ ਦੇ ਡਾਕਟਰ ਹੀ ਲੋਕਾਂ ਦਾ ਇਲਾਜ ਕਰਦੇ ਸਨ।