ਕੈਨੇਡਾ 'ਚ ਇਕ ਹੋਰ ਪੰਜਾਬੀ ਨੇ ਕੀਤਾ ਕਾਰਾ, ਅਮਰੀਕੀ ਅਦਾਲਤ ਨੇ ਸੁਣਾਈ ਇਹ ਸਜ਼ਾ

08/21/2017 11:56:49 AM

ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਰਹਿਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਅਮਰੀਕਾ 'ਚ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। 47 ਸਾਲਾ ਧਾਲੀਵਾਲ ਨੂੰ ਅਮਰੀਕਾ ਦੀ ਅਦਾਲਤ ਨੇ 130 ਮਿਲੀਅਨਜ਼ ਦੀ ਡਰਗਜ਼ ਤਸਕਰੀ ਦੇ ਦੋਸ਼ 'ਚ ਇਹ ਸਜ਼ਾ ਸੁਣਾਈ ਹੈ। 
ਅਦਾਲਤ ਨੇ ਕਿਹਾ ਸੀ ਕਿ ਧਾਲੀਵਾਲ ਨੂੰ 30 ਸਾਲਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਬਚਾਅ ਪੱਖ ਦੀ ਮੰਗ 'ਤੇ ਉਸ ਦੀ ਸਜ਼ਾ ਘਟਾ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਧਾਲੀਵਾਲ ਨੂੰ 2014 ਵਿੱਚ ਕੈਨੇਡਾ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਸਾਲ 2006 ਅਤੇ 2011 ਦੇ ਵਿਚਕਾਰ ਕੋਕੀਨ ਅਤੇ ਭੰਗ ਦੀ ਵੱਡੇ ਪੱਧਰ ਉੱਤੇ ਸਮਗਲਿੰਗ ਦੇ ਦੋਸ਼ਾਂ ਤਹਿਤ ਉਸ ਨੂੰ ਛੇ ਹੋਰ ਵਿਅਕਤੀਆਂ ਸਮੇਤ ਕਾਬੂ ਕੀਤਾ ਗਿਆ ਸੀ। ਉਸ ਨੂੰ ਲਗਭਗ ਦੋ ਸਾਲਾਂ ਤਕ ਕੈਨੇਡੀਅਨ ਪੁਲਸ ਦੀ ਹਿਰਾਸਤ 'ਚ ਹੀ ਰੱਖਿਆ ਗਿਆ ਅਤੇ ਫਿਰ ਅਪ੍ਰੈਲ 2016 ਵਿੱਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਹਵਾਲਗੀ ਤਹਿਤ ਅਮਰੀਕਾ ਦੇ ਸਪੁਰਦ ਕੀਤਾ ਗਿਆ। 
ਕਈ ਹਫਤਿਆਂ ਮਗਰੋਂ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਸਿੱਧ ਹੋ ਗਿਆ ਕਿ ਧਾਲੀਵਾਲ ਖਿਲਾਫ ਲਗਾਏ ਗਏ ਅੱਠ ਦੋਸ਼ਾਂ 'ਚੋਂ ਉਹ ਇਕ ਦਾ ਕਸੂਰਵਾਰ ਹੈ। ਉਸ ਦਾ ਇਹ ਦੋਸ਼ ਸੀ ਕਿ ਉਸ ਨੇ ਘੱਟ ਤੋਂ ਘੱਟ ਪੰਜ ਕਿਲੋ ਕੋਕੀਨ ਅਮਰੀਕਾ ਨੂੰ ਬਰਾਮਦ ਕੀਤੀ। ਇਹ ਸਿਰਫ ਦੋਸ਼ ਹੀ ਨਹੀਂ ਹਨ, ਧਾਲੀਵਾਲ ਨੇ ਮੰਨ ਵੀ ਲਿਆ ਹੈ ਕਿ ਇਸ ਸਾਜਸ਼ ਤਹਿਤ ਉਸ ਦੀ ਜ਼ਿੰਮੇਵਾਰੀ ਇਨ੍ਹਾਂ ਨਸ਼ਿਆਂ ਨੂੰ ਟਰਾਂਸਪੋਰਟ ਕਰਕੇ ਅਮਰੀਕਾ ਬਰਾਮਦ ਕਰਨ ਦੀ ਸੀ । ਇਸ ਤੋਂ ਇਲਾਵਾ ਉਸ ਨੇ 3,000 ਕਿਲੋ ਕੋਕੀਨ ਦੇ ਨਾਲ-ਨਾਲ ਨਸ਼ਿਆਂ ਦੀਆਂ ਹਜ਼ਾਰਾਂ ਗੋਲੀਆਂ ਅਤੇ ਸੌ ਪੌਂਡ ਭੰਗ ਸਪਲਾਈ ਕੀਤੀ।