ਕੈਨੇਡਾ ਦੇ ਸੂਬੇ ''ਚ ਕੋਰੋਨਾ ਦੇ ਮਾਮਲੇ 4,000 ਤੋਂ ਪਾਰ, ਮੈਡੀਕਲ ਦੀ ਹੋਈ ਘਾਟ

04/01/2020 1:20:55 AM

ਕਿਊਬਿਕ ਸਿਟੀ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਿਊਬਕ ਵਿਚ 6 ਹੋਰ ਮੌਤਾਂ ਹੋ ਗਈਆਂ ਹਨ, ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ 4,162 ਹੋ ਗਈ ਹੈ। ਕਿਊਬਿਕ ਦੇ ਪ੍ਰੀਮੀਅਰ ਫ੍ਰਾਂਸਕੋਇਸ ਲੇਗੌਲਟ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਵਿਡ-19 ਕਾਰਨ ਕੁੱਲ ਮੌਤਾਂ ਦੀ ਗਿਣਤੀ 31 ਹੋ ਗਈ ਹੈ, ਜੋ 24 ਘੰਟੇ ਪਹਿਲਾਂ ਤੱਕ 25 ਸੀ।

ਸੂਬੇ ਵਿਚ ਇਕੋ ਦਿਨ ਅੰਦਰ 732 ਮਾਮਲੇ ਦਰਜ ਹੋਏ ਹਨ। ਕਿਊਬਿਕ ਵੱਲੋਂ ਰੋਜ਼ਾਨਾ ਕੋਵਿਡ-19 ਦੇ ਅੰਕੜੇ ਜਾਰੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਇੰਨੇ ਮਾਮਲੇ ਇਕ ਦਿਨ ਵਿਚ ਦਰਜ ਹੋਏ ਹਨ। ਕਿਊਬਿਕ ਦੇ ਪ੍ਰੀਮੀਅਰ ਲੇਗੌਲਟ ਨੇ ਕਿਹਾ ਕਿ ਸੂਬੇ ਵਿਚ ਤਿੰਨ ਤੋਂ ਸੱਤ ਦਿਨਾਂ ਵਿਚ ਮਹੱਤਵਪੂਰਣ ਡਾਕਟਰੀ ਸਪਲਾਈ ਖਤਮ ਹੋ ਸਕਦੀ ਹੈ।

ਸਿਹਤ ਮੰਤਰੀ ਮੈਕਕੈਨ ਨੇ ਕਿਹਾ ਕਿ ਕਿਊਬਿਕ ਵਿਚ ਇਸ ਸਮੇਂ ਮਾਸਕ ਦੀ ਸਪਲਾਈ ਇੰਨੀ ਘੱਟ ਹੈ ਕਿ ਸਿਹਤ ਸੰਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਲੋੜ ਮੁਤਾਬਕ ਆਪਣੇ ਮਾਸਕਾਂ ਨੂੰ ਰੋਗਾਣੂ ਮੁਕਤ ਕਰਨ ਤੇ ਦੁਬਾਰਾ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ।

ਉੱਥੇ ਹੀ, ਕਿਊਬਿਕ ਦੇ ਪ੍ਰੀਮੀਅਰ ਨੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਸੂਬੇ ਤੋਂ ਕਿਊਬਿਕ ਨੂੰ ਡਾਕਟਰੀ ਸਪਲਾਈ ਭੇਜਣ ਲਈ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਓਂਟਾਰੀਓ ਤੋਂ N-95 ਸਰਜੀਕਲ ਮਾਸਕਾਂ ਸਮੇਤ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਜਲਦ ਪਹੁੰਚਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਕਿਊਬਿਕ ਵਿਚ ਸਰਵਿਸ ਸਟੇਸ਼ਨਾਂ ਅਤੇ ਹੋਮ ਡਲਿਵਰੀ ਕਰਨ ਵਾਲੇ ਰੈਸਟੋਰੈਂਟਾਂ ਨੂੰ ਛੱਡ ਕੇ ਬਾਕੀ ਸਾਰੇ ਸਟੋਰ ਅਪ੍ਰੈਲ ਤੋਂ ਐਤਵਾਰ ਬੰਦ ਰਹਿਣਗੇ, ਤਾਂ ਕਿ ਇਨ੍ਹਾਂ ਦੇ ਕਰਮਚਾਰੀ ਵੀ ਆਰਾਮ ਕਰ ਸਕਣ।

Sanjeev

This news is Content Editor Sanjeev