ਕੈਨੇਡੀਅਨ ਓਲੰਪਿਕ ਤੇ ਪੈਰਾਲੰਪਿਕ ਤੈਰਾਕੀ ਦੇ ਟ੍ਰਾਇਲ ਕੋਰੋਨਾ ਵਾਇਰਸ ਕਾਰਨ ਮੁਲਤਵੀ

03/14/2020 6:23:50 PM

ਸਪੋਰਟਸ ਡੈਸਕ : ਕੈਨੇਡੀਅਨ ਓਲੰਪਿਕ ਅਤੇ ਪੈਰਾਲੰਪਿਕ ਤੈਰਾਕੀ  ਦੇ ਟ੍ਰਾਇਲਾਂ ਨੂੰ ਕੋਵਿਡ-19 (ਕੋਰੋਨਾ ਵਾਇਰਸ) ਫੈਲਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਓਨਟਾਰੀਓ ਦੀ ਸੂਬਾਈ ਸਰਕਾਰ ਵੱਲੋਂ 150 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾਉਣ ਦੇ ਹੁਕਮ ਤੋਂ ਬਾਅਦ ਤੈਰਾਕੀ ਕੈਨੇਡਾ ਨੇ ਟ੍ਰਾਈਲਾਂ ਨੂੰ ਸ਼ੁੱਕਰਵਾਰ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਟ੍ਰਾਇਲ 30 ਮਾਰਚ ਤੋਂ 5 ਅਪ੍ਰੈਲ ਤਕ ਟੋਰਾਂਟੋ ਪੈਨ ਐੱਮ. ਸਪੋਰਟਸ ਸੈਂਟਰ ਵਿਚ ਹੋਣੇ ਸਨ।

ਸਵਿਮਿੰਗ ਕੈਨੇਡਾ ਦੇ ਸੀ. ਈ. ਓ. ਅਹਿਮਦ ਅਲ ਅਵਾਦੀ ਨੇ ਇਕ ਜਾਰੀ ਬਿਆਨ ਵਿਚ ਕਿਹਾ, ''ਰੋਜ਼ਾਨਾ 3000 ਤੋਂ 5000 ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਦੂਜੇ ਦੇਸ਼ ਜਾਂ ਸ਼ਹਿਰ ਸਵਿਮਿੰਗ ਪੂਲਾਂ ਤਕ ਪਾਬੰਦੀ ਲਗਾ ਰਹੇ ਹਨ  ਅਤੇ ਅਜਿਹੇ ਵਿਚ ਕੁਝ ਐਥਲੀਟ ਸਹੀ ਟ੍ਰੇਨਿੰਗ ਨਹੀਂ ਕਰ ਸਕਣਗੇ। ਇਨ੍ਹਾਂ ਕਾਰਨਾਂ ਤੋਂ ਟ੍ਰਾਇਲ ਤੈਅ ਸਮੇਂ ਮੁਤਾਬਕ ਨਹੀਂ ਹੋ ਸਕਣਗੇ।

ਅਲ-ਅਵਾਦੀ ਨੇ ਕਿਹਾ ਕਿ ਟਿਕਟ ਮਾਸਟਰ ਰਾਹੀਂ ਖਰੀਦੀਆਂ ਗਈਆਂ ਟਿਕਟਾਂ ਦੇ ਪੈਸੇ ਵਾਪਸ ਕੀਤੇ ਜਾਣਗੇ। ਸਵਿਮਿੰਗ ਕੈਨੇਡਾ ਨੇ ਇਹ ਵੀ ਕਿਹਾ ਕਿ ਵਿੰਡਸਰ ਓਨਟ, ਅਤੇ ਸਸਕਾਟੂਨ ਵਿਚ 2020 ਪੂਰਬੀ ਅਤੇ ਪੱਛਮੀ ਚੈਂਪੀਅਨਸ਼ਿਪਜ਼ ਰੱਦ ਕਰ ਦਿੱਤੀਆਂ ਜਾਣਗੀਆਂ। 2020 ਦੇ ਓਲੰਪਿਕ ਟ੍ਰਾਇਲਜ਼ ਅਤੇ ਬਾਕੀ ਕੌਮੀ ਮੁਕਾਬਲਿਆਂ ਦੀ ਸਥਿਤੀ, ਜਿਨ੍ਹਾਂ ਵਿਚ 25-26 ਅਪ੍ਰੈਲ ਨੂੰ ਗ੍ਰੈਂਡ ਕੇਮੈਨ ਵਿਚ ਹੋਣ ਵਾਲੀ ਓਪਨ ਵਾਟਰ ਚੈਂਪੀਅਨਸ਼ਿਪ ਬਾਰੇ ਫੈਸਲਾ 21 ਅਪ੍ਰੈਲ ਤਕ ਲਿਆ ਜਾਵੇਗਾ।