ਕੈਨੇਡੀਅਨ ਐੱਮ. ਐੱਲ. ਏ. ਜਿਨੀ ਸਿਮਸ ਨਾਲ ਖਾਸ ਮੁਲਾਕਾਤ (ਵੀਡੀਓ)

06/25/2018 12:43:27 PM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੀ ਸੰਸਦ ਵੱਲੋਂ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਤੋਂ ਬਾਅਦ ਹੁਣ ਜ਼ਮੀਨੀ ਪੱਧਰ 'ਤੇ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੂਰੇ ਕੈਨੇਡਾ 'ਚ ਇਹ ਫੈਸਲਾ 17 ਅਕਤੂਬਰ ਤੋਂ ਲਾਗੂ ਹੋਣਾ ਹੈ। ਅਗਲੇ ਚਾਰ ਮਹੀਨਿਆਂ 'ਚ ਕੈਨੇਡਾ 'ਚ ਇਸ ਦੀ ਖੇਤੀ, ਡਿਸਟ੍ਰੀਬਿਊਸ਼ਨ ਅਤੇ ਲਾਇਸੈਂਸ ਸਬੰਧੀ ਕਈ ਪਹਿਲੂਆਂ 'ਤੇ ਕੰਮ ਕਰਨ ਤੋਂ ਬਾਅਦ ਇਹ ਫੈਸਲਾ ਅਮਲ 'ਚ ਆਵੇਗਾ। ਸਰਕਾਰ ਦੇ ਇਸ ਫੈਸਲੇ ਸਬੰਧੀ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸੋਢੀ ਤੇ ਨਰੇਸ਼ ਕੁਮਾਰ ਨੇ ਬ੍ਰਿਟਿਸ਼ ਕੋਲੰਬੀਆ ਦੀ ਸਿਵਲ ਸਰਵਿਸ ਮੰਤਰੀ ਜਿਨੀ ਸਿਮਸ ਨਾਲ ਗੱਲਬਾਤ ਕੀਤੀ। ਜਿਨੀ ਨੇ ਇਸ ਦੌਰਾਨ ਫੈਸਲੇ ਦੇ ਕਈ ਪਹਿਲੂਆਂ ਤੋਂ ਇਲਾਵਾ ਵੈਨਕੂਵਰ 'ਚ ਵਧ ਰਹੀ ਗੈਂਗਵਾਰ, ਨਸ਼ੇ ਤੇ ਆਪਣੇ ਮੰਤਰਾਲੇ ਦੇ ਕੰਮਕਾਜ ਅਤੇ ਉਦੇਸ਼ 'ਤੇ ਆਪਣੀ ਰਾਏ ਵੀ ਰੱਖੀ। ਪੇਸ਼ ਹੈ ਜਿਨੀ ਨਾਲ ਹੋਈ ਪੂਰੀ ਗੱਲਬਾਤ :—
ਸਵਾਲ : ਕੈਨੇਡਾ 'ਚ ਭੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ, ਇਸ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ?
ਜਵਾਬ : ਇਹ ਸੰਸਦ ਦਾ ਫੈਸਲਾ ਹੈ ਅਤੇ ਫੈਡਰਲ ਸਰਕਾਰ ਨੇ ਲਿਆ ਹੈ। ਲਿਹਾਜ਼ਾ ਹੋਰ ਜ਼ਰੂਰੀ ਕੰਮ ਰੋਕ ਕੇ ਵੀ ਹੁਣ ਇਸ ਨੂੰ ਲਾਗੂ ਕਰਨਾ ਹੀ ਪਵੇਗਾ, ਹਾਲਾਂਕਿ ਜੇਕਰ ਫੈਡਰਲ ਸਰਕਾਰ ਇਸ 'ਚ ਸਾਲ ਭਰ ਦਾ ਸਮਾਂ ਦੇ ਦਿੰਦੀ ਤਾਂ ਸਾਨੂੰ ਇਸ ਨੂੰ ਲਾਗੂ ਕਰਨ 'ਚ ਥੋੜ੍ਹੀ ਆਸਾਨੀ ਹੁੰਦੀ ਪਰ ਹੁਣ ਸਾਰਾ ਕੰਮ ਸਿਰਫ 4 ਮਹੀਨਿਆਂ 'ਚ ਪੂਰਾ ਕਰਨਾ ਪਵੇਗਾ। ਸਾਨੂੰ ਇਸ ਦੇ ਡਿਸਟ੍ਰੀਬਿਊਸ਼ਨ ਸੈਂਟਰ ਖੋਲ੍ਹਣ ਅਤੇ ਲਾਇਸੈਂਸ ਦੇਣ ਲਈ ਕਾਫੀ ਕੰਮ ਕਰਨਾ ਪਵੇਗਾ। ਹਾਲਾਂਕਿ ਇਹ ਸ਼ਹਿਰਾਂ ਦੀ ਸਥਾਨਕ ਸਰਕਾਰ 'ਤੇ ਨਿਰਭਰ ਕਰੇਗਾ ਕਿ ਉਹ ਆਪਣੇ ਸ਼ਹਿਰ 'ਚ ਭੰਗ ਦੇ ਸਟੋਰ ਨੂੰ ਖੋਲ੍ਹਣਾ ਚਾਹੁੰਦੀ ਹੈ ਜਾਂ ਨਹੀਂ ਜਾਂ ਉਹ ਕਿੰਨੇ ਸਟੋਰ ਖੋਲ੍ਹਣਾ ਚਾਹੁੰਦੀ ਹੈ। ਬ੍ਰਿਟਿਸ਼ ਕੋਲੰਬੀਆ 'ਚ ਕਈ ਸ਼ਹਿਰਾਂ 'ਚ ਸਕੂਲ ਦੇ ਬਾਹਰ ਸਿਗਰਟ ਪੀਣ ਤਕ ਦੀ ਪਾਬੰਦੀ ਹੈ, ਮਕਾਨ ਮਾਲਕ ਦੀ ਮਰਜ਼ੀ ਤੋਂ ਬਿਨਾਂ ਕਿਰਾਏਦਾਰ ਵੀ ਘਰ 'ਚ ਸਿਗਰਟ ਨਹੀਂ ਪੀ ਸਕਦਾ, ਸ਼ਹਿਰ ਚਾਹੇ ਤਾਂ ਇਸ ਨੂੰ ਲੈ ਕੇ ਸਖਤ ਰਵੱਈਆ ਅਪਣਾ ਸਕਦਾ ਹੈ ਅਤੇ ਜੇਕਰ ਸ਼ਹਿਰ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਤੋਂ ਬਾਅਦ ਲਾਇਸੈਂਸ ਦੇਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। 
ਸਵਾਲ : ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੇ ਫੈਸਲੇ 'ਤੇ ਤੁਹਾਡੀ ਨਿੱਜੀ ਰਾਏ ਕੀ ਹੈ?
ਜਵਾਬ : ਜਦ ਸ਼ਰਾਬ ਨੂੰ ਕਾਨੂੰਨੀ ਮਾਨਤਾ ਮਿਲੀ ਸੀ ਤਾਂ ਸਾਨੂੰ ਸਮਾਜਿਕ ਸੰਤੁਲਨ ਬਣਾਉਣ 'ਚ 25 ਸਾਲ ਲੱਗ ਗਏ ਸਨ, ਇਸ 'ਚੋਂ 15 ਸਾਲ ਤਾਂ ਬਹੁਤ ਔਖੇ ਸਨ। ਭੰਗ ਨੂੰ ਕਾਨੂੰਨੀ ਮਾਨਤਾ ਮਿਲਣ ਮਗਰੋਂ ਵੀ ਸਮਾਜਿਕ ਸੰਤੁਲਨ ਬਣਾਉਣ 'ਚ ਘੱਟੋ-ਘੱਟ 5 ਤੋਂ 10 ਸਾਲ ਤਾਂ ਲੱਗਣਗੇ ਕਿਉਂਕਿ ਜਦੋਂ ਕੋਈ ਚੀਜ਼ ਨਵੀਂ-ਨਵੀਂ ਆਉਂਦੀ ਹੈ ਤਾਂ ਸਾਰੇ ਲੋਕ ਇਸ ਦੇ ਦੀਵਾਨੇ ਹੋ ਜਾਂਦੇ ਹਨ। ਮੈਂ ਨਿੱਜੀ ਤੌਰ 'ਤੇ ਇਸ ਦੀ ਵਿਰੋਧੀ ਰਹੀ ਹਾਂ। ਮੈਂ ਸੰਸਦ 'ਚ ਪ੍ਰਸਤਾਵ ਰੱਖਿਆ ਸੀ ਕਿ ਜੇਕਰ ਕਿਸੇ ਕੋਲ ਖੁਦ ਦੀ ਵਰਤੋਂ ਲਈ ਭੰਗ ਬਰਾਮਦ ਹੁੰਦੀ ਹੈ ਤਾਂ ਉਸ ਨੂੰ ਸਜ਼ਾ ਜਾਂ ਅਪਰਾਧਿਕ ਰਿਕਾਰਡ ਰੱਖਣ ਦੀ ਛੋਟ ਮਿਲਣੀ ਚਾਹੀਦੀ ਹੈ ਪਰ ਇਹ ਗੱਲ ਤਾਂ ਖੈਰ ਹੁਣ ਮਾਇਨੇ ਨਹੀਂ ਰੱਖਦੀ। ਮੈਨੂੰ ਲੱਗਦਾ ਹੈ ਕਿ ਜੇਕਰ ਕਿਸੇ ਨੇ ਭੰਗ ਪੀਣੀ ਹੈ ਤਾਂ ਉਹ ਕਾਲ ਕੋਠਰੀ 'ਚੋਂ ਵੀ ਕੱਢ ਲਿਆਵੇਗਾ ਅਤੇ ਜੇਕਰ ਕਿਸੇ ਨੇ ਨਹੀਂ ਪੀਣੀ ਤਾਂ ਉਹ ਚਾਹੇ ਉਸ ਦੇ ਸਾਹਮਣੇ ਪਈ ਰਹੇ, ਉਹ ਨਹੀਂ ਪੀਵੇਗਾ।
ਸਵਾਲ : ਤੁਹਾਡਾ ਪਰਿਵਾਰਕ ਪਿਛੋਕੜ ਕਿੱਥੋਂ ਦਾ ਹੈ ਅਤੇ ਤੁਸੀਂ ਸਿਆਸਤ 'ਚ ਕਿਵੇਂ ਆਏ?
ਜਵਾਬ : ਮੇਰਾ ਜਨਮ ਜਲੰਧਰ ਦੇ ਨੂਰਮਹਿਲ ਦੇ ਪਿੰਡ ਪੱਬਵਾਂ 'ਚ ਹੋਇਆ ਅਤੇ ਮੇਰੀ ਮੁੱਢਲੀ ਪੜ੍ਹਾਈ ਵੀ ਪਿੰਡ ਦੇ ਸਕੂਲ 'ਚ ਹੀ ਹੋਈ। ਮੇਰੇ ਪਿਤਾ ਜੀ ਕੰਮ ਦੀ ਭਾਲ 'ਚ ਇੰਗਲੈਂਡ ਆਏ ਸਨ ਅਤੇ 1962 'ਚ ਮੈਂ ਵੀ ਪਰਿਵਾਰ ਨਾਲ ਇੰਗਲੈਂਡ ਆ ਗਈ। ਆਪਣੀ ਉੱਚ ਸਿੱਖਿਆ ਮੈਂ ਇੰਗਲੈਂਡ 'ਚ ਹੀ ਪੂਰੀ ਕੀਤੀ। ਇੰਗਲੈਂਡ ਸਰਕਾਰ ਬਦਲਣ ਅਤੇ ਪ੍ਰਵਾਸੀਆਂ ਦੀ ਸਥਿਤੀ ਖਰਾਬ ਹੋਣ ਕਾਰਨ ਅਸੀਂ ਕੈਨੇਡਾ ਆ ਗਏ ਅਤੇ 1975 ਤੋਂ ਕੈਨੇਡਾ 'ਚ ਰਹਿ ਰਹੇ ਹਾਂ। ਇੱਥੇ ਆਉਣ ਤੋਂ ਬਾਅਦ ਪਿਤਾ ਜੀ ਟਰੇਡ ਯੂਨੀਅਨ ਨਾਲ ਜੁੜੇ ਰਹੇ ਅਤੇ ਅਸੀਂ ਉਨ੍ਹਾਂ ਨਾਲ ਇਥੋਂ ਦੇ ਸਿਸਟਮ ਅਤੇ ਸਰਕਾਰ ਦੀ ਕਾਰਜਪ੍ਰਣਾਲੀ ਬਾਰੇ ਬਹੁਤ ਕੁਝ ਸਿੱਖਦੇ ਸੀ। ਮੈਂ ਖੁਦ ਵੀ ਸਿੱਖਿਆ ਦੇ ਖੇਤਰ 'ਚ ਰਹਿੰਦਿਆਂ ਟੀਚਰਜ਼ ਯੂਨੀਅਨ ਦੀ ਪ੍ਰਧਾਨ ਬਣੀ ਅਤੇ ਹੌਲੀ-ਹੌਲੀ ਸਿਆਸਤ 'ਚ ਆ ਗਈ। 2011 'ਚ ਮੈਨੂੰ ਐੱਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਵੱਲੋਂ ਨਿਊਟਨ ਨਾਰਥ ਡੈਲਟਾ ਤੋਂ ਮੈਦਾਨ 'ਚ ਉਤਾਰਿਆ ਗਿਆ ਅਤੇ ਮੈਂ ਚੋਣ ਜਿੱਤ ਕੇ ਸੰਸਦ 'ਚ ਪੁੱਜੀ। 
ਸਵਾਲ : ਤੁਸੀਂ ਕੌਮੀ ਰਾਜਨੀਤੀ ਤੋਂ ਸੂਬੇ ਦੀ ਰਾਜਨੀਤੀ 'ਚ ਆਏ, ਕੀ ਇਹ ਡਿਮੋਸ਼ਨ ਨਹੀਂ ਹੈ?
ਜਵਾਬ : ਮੇਰੀ ਨਾ ਤਾਂ ਫੈਡਰਲ ਅਤੇ ਨਾ ਹੀ ਸੂਬੇ ਦੀਆਂ ਚੋਣਾਂ ਲੜਨ ਦੀ ਇੱਛਾ ਸੀ। ਮੇਰੇ ਲਈ ਅੱਜ ਵੀ ਮੇਰੀ ਡ੍ਰੀਮ ਜੌਬ ਟੀਚਰ ਵਾਲੀ ਹੀ ਹੈ। ਮੈਨੂੰ ਇਸ ਸਮੇਂ ਵੀ ਪਾਰਟੀ ਅਤੇ ਸਮਰਥਕਾਂ ਵੱਲੋਂ ਮੈਦਾਨ 'ਚ ਉਤਾਰਿਆ ਗਿਆ ਹੈ। 2015 ਦੀਆਂ ਚੋਣਾਂ ਹਾਰਨ ਤੋਂ ਬਾਅਦ ਮੈਂ ਇਕ ਵਾਰ ਫਿਰ ਆਪਣੀ ਅਧਿਆਪਕ ਵਾਲੀ ਨੌਕਰੀ 'ਤੇ ਲੱਗ ਗਈ ਸੀ ਪਰ ਮੈਨੂੰ ਇਕ ਵਾਰ ਫਿਰ ਪਿਛਲੇ ਸਾਲ ਸੂਬੇ ਦੀਆਂ ਚੋਣਾਂ 'ਚ ਉਤਰਨ ਲਈ ਕਿਹਾ ਗਿਆ ਅਤੇ ਮੈਂ ਮੈਦਾਨ 'ਚ ਉਤਰੀ। ਮੈਨੂੰ ਮੇਰੇ ਪਰਿਵਾਰ ਨੇ ਸਿਖਾਇਆ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੈ, ਮੈਂ ਆਪਣਾ ਕੰਮ ਈਮਾਨਦਾਰੀ ਨਾਲ ਕਰ ਰਹੀ ਹਾਂ, ਇਸ 'ਚ ਵੀ ਮੈਨੂੰ ਸੰਤੁਸ਼ਟੀ ਹੈ।
ਸਵਾਲ : ਆਪਣੇ ਮੰਤਰਾਲੇ ਨੂੰ ਲੈ ਕੇ ਤੁਹਾਡੇ ਕੀ ਉਦੇਸ਼ ਹਨ? 
ਜਵਾਬ : ਮੇਰਾ ਮੰਤਰਾਲਾ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਸਭ ਤੋਂ ਅਹਿਮ ਮੰਤਰਾਲਾ ਹੈ, ਇਹ ਸਰਕਾਰ ਦਾ ਚਿਹਰਾ ਵੀ ਹੈ ਅਤੇ ਹੋਰ ਮੰਤਰਾਲਿਆਂ ਦੇ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਵੀ ਮੇਰੇ ਮੰਤਰਾਲੇ ਦੀ ਹੈ । ਬ੍ਰਿਟਿਸ਼ ਕੋਲੰਬੀਆ ਵਿਚ ਸਰਕਾਰ ਦੇ ਕੁਲ 62 ਸੇਵਾ ਕੇਂਦਰ ਹਨ। ਜਨਮ ਦਾ ਪ੍ਰਮਾਣ-ਪੱਤਰ ਬਣਵਾਉਣ ਤੋਂ ਲੈ ਕੇ ਟੈਕਸ ਰਿਟਰਨ ਦਾਖਲ ਕਰਨ, ਡਰਾਈਵਿੰਗ ਲਾਇਸੈਂਸ ਬਣਵਾਉਣ, ਪ੍ਰਾਪਰਟੀ ਟੈਕਸ ਅਤੇ ਪ੍ਰਾਪਰਟੀ ਰਜਿਸਟਰੇਸ਼ਨ ਨਾਲ ਜੁੜੇ ਸਾਰੇ ਕੰਮ ਇਨ੍ਹਾਂ ਸੇਵਾ ਕੇਂਦਰਾਂ 'ਚ ਹੁੰਦੇ ਹਨ ਅਤੇ ਅਸੀਂ ਇਨ੍ਹਾਂ ਸੇਵਾ ਕੇਂਦਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ । ਇਨ੍ਹਾਂ ਦਾ ਆਪਸ 'ਚ ਸੰਪਰਕ ਸਥਾਪਿਤ ਰੱਖਣਾ ਹੈ ਅਤੇ ਇਥੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਹ ਵੀ ਯਕੀਨੀ ਬਣਾਉਣਾ ਹੈ । 
ਸਵਾਲ : ਚਾਈਲਡ ਕੇਅਰ ਤੋਂ ਇਲਾਵਾ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਹੱਲ ਕਿਵੇਂ  ਹੋਵੇਗਾ?
ਜਵਾਬ :  ਜਿਸ ਦੇਸ਼ 'ਚ ਔਰਤਾਂ ਕੰਮ ਕਰਦੀਆਂ ਹਨ, ਉਥੇ ਜੀ. ਡੀ. ਪੀ. ਦੀ ਰਫਤਾਰ ਜ਼ਿਆਦਾ ਹੁੰਦੀ ਹੈ ਅਤੇ ਔਰਤਾਂ ਉਦੋਂ ਹੀ ਕੰਮ ਕਰ ਸਕਦੀਆਂ ਹਨ, ਜੇਕਰ ਉਨ੍ਹਾਂ ਦੇ ਬੱਚਿਆਂ ਦਾ ਪਾਲਣ-ਪੋਸ਼ਣ ਚੰਗੇ ਅਤੇ ਵਧੀਆ ਚਾਈਲਡ ਕੇਅਰ ਸੈਂਟਰ 'ਚ ਹੋਵੇ। ਸਾਡੀ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ ਅਤੇ ਸਿਹਤ ਦੇ ਬਜਟ 'ਚ ਇਸ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ । ਅਸੀਂ ਅਜਿਹੇ ਚਾਈਲਡ ਕੇਅਰ ਸੈਂਟਰਾਂ ਦੀ ਸਥਾਪਨਾ ਉੱਤੇ ਜ਼ੋਰ ਦੇ ਰਹੇ ਹਾਂ, ਜਿਨ੍ਹਾਂ 'ਚ ਬੱਚੇ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਦਾ ਵੀ ਚੰਗਾ ਪ੍ਰਬੰਧ ਹੋਵੇ, ਜਿਨ੍ਹਾਂ 'ਚ ਸਿਖਲਾਈ ਪ੍ਰਾਪਤ ਸਟਾਫ ਹੋਵੇ ਤਾਂ ਕਿ ਮਾਂ-ਬਾਪ ਆਪਣੇ ਬੱਚੇ ਨੂੰ ਛੱਡ ਕੇ ਬੇਫਿਕਰ ਹੋ ਕੇ ਕੰਮ ਕਰ ਸਕਣ ਕਿਉਂਕਿ ਸਾਧਾਰਨ ਤੌਰ 'ਤੇ ਬੱਚਾ ਹੋਣ ਤੋਂ ਬਾਅਦ ਔਰਤਾਂ ਕੰਮ ਤੋਂ ਦੋ ਜਾਂ ਤਿੰਨ ਸਾਲਾਂ ਦੀ ਛੁੱਟੀ ਲੈ ਲੈਂਦੀਆਂ ਹਨ, ਜਿਸ ਨਾਲ ਪਰਿਵਾਰ ਦੀ ਆਰਥਿਕਤਾ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਵੀ ਪ੍ਰਭਾਵਿਤ ਹੁੰਦੀ ਹੈ ।

ਬ੍ਰਿਟਿਸ਼ ਕੋਲੰਬੀਆ 'ਚ ਸਿਰਫ 30 ਫੀਸਦੀ ਲੋਕਾਂ ਕੋਲ ਹਾਈ ਸਪੀਡ ਇੰਟਰਨੈੱਟ
ਸਵਾਲ : ਤੁਹਾਡੇ ਮੰਤਰਾਲੇ 'ਚ ਇੰਟਰਨੈੱਟ ਸੇਵਾਵਾਂ ਦਾ ਵੀ ਕੰਮ ਆਉਂਦਾ ਹੈ, ਬ੍ਰਿਟਿਸ਼ ਕੋਲੰਬੀਆ 'ਚ ਇੰਟਰਨੈੱਟ ਸੇਵਾਵਾਂ ਦੀ ਕੀ ਸਥਿਤੀ ਹੈ?
ਬ੍ਰਿਟਿਸ਼ ਕੋਲੰਬੀਆ 'ਚ 30 ਫੀਸਦੀ ਲੋਕਾਂ ਕੋਲ ਹਾਈ ਸਪੀਡ ਇੰਟਰਨੈੱਟ ਹੈ, ਜਦਕਿ 70 ਫੀਸਦੀ ਲੋਕਾਂ ਤਕ ਇਹ ਸੇਵਾ ਪਹੁੰਚਾਉਣੀ ਅਜੇ ਬਾਕੀ ਹੈ। ਕੈਨੇਡਾ ਇਸ ਮਾਮਲੇ 'ਚ ਭਾਰਤ ਸਮੇਤ ਕਈ ਵਿਕਸਿਤ ਦੇਸ਼ਾਂ ਤੋਂ ਕਾਫੀ ਪਿੱਛੇ ਹੈ। ਇਕ ਸਮਾਂ ਸੀ ਜਦੋਂ ਰੇਲ ਲਾਈਨ ਨੂੰ ਆਰਥਿਕ ਤਰੱਕੀ ਦਾ ਆਧਾਰ ਮੰਨਿਆ ਜਾਂਦਾ ਸੀ ਪਰ ਅੱਜ ਇੰਟਰਨੈੱਟ ਦੀ ਸਪੀਡ ਅਤੇ ਫਾਈਬਰ ਕੇਬਲ ਤਰੱਕੀ ਦਾ ਆਧਾਰ ਹਨ, ਇਸ ਕਾਰਨ ਇਸ ਦਿਸ਼ਾ 'ਚ ਬਹੁਤ ਕੰਮ ਹੋਣਾ ਬਾਕੀ ਹੈ। ਮੇਰੇ ਮੰਤਰਾਲੇ ਨੇ ਕੰਮ ਸੰਭਾਲਣ ਤੋਂ ਬਾਅਦ ਹੁਣ ਤਕ 187 ਸ਼ਹਿਰਾਂ 'ਚ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਦੇ ਟੀਚੇ ਨਿਰਧਾਰਤ ਕੀਤੇ ਹਨ।
ਗੈਂਗਵਾਰ ਨਾਲ ਨਜਿੱਠਣ ਲਈ ਸਖਤੀ ਦੇ ਨਾਲ-ਨਾਲ ਥੋੜ੍ਹਾ ਨਰਮ ਰਵੱਈਆ ਅਪਣਾਉਣ ਦੀ ਲੋੜ
ਸਵਾਲ : ਸਰੀ 'ਚ ਗੈਂਗਵਾਰ ਅਤੇ ਅਪਰਾਧ ਖਿਲਾਫ ਲੋਕ ਸੜਕਾਂ 'ਤੇ ਉਤਰ ਰਹੇ ਹਨ। ਸਰਕਾਰ ਇਸ ਦਿਸ਼ਾ 'ਚ ਕੀ ਕਰ ਰਹੀ ਹੈ?
ਗੈਂਗਵਾਰ ਦਿਸ਼ਾ 'ਚ ਸਿਰਫ ਸਰਕਾਰ ਵਲੋਂ ਸਖਤੀ ਕਰਨ ਨਾਲ ਕੁਝ ਨਹੀਂ ਹੋਵੇਗਾ। ਮੇਰੀ ਉਨ੍ਹਾਂ ਸਾਰੇ ਲੋਕਾਂ ਨਾਲ ਹਮਦਰਦੀ ਹੈ, ਜੋ ਸ਼ਹਿਰ 'ਚ ਅਪਰਾਧ ਦੀ ਦਰ ਘਟਾਉਣ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਇਕਜੁੱਟ ਹਨ। ਮੇਰੇ ਪਰਿਵਾਰ ਦੇ ਲੋਕਾਂ ਨੇ ਖੁਦ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ, ਇਸੇ ਕਾਰਨ ਮੈਂ ਲੋਕਾਂ ਦੀ ਭਾਵਨਾ ਨੂੰ ਵਧੇਰੇ ਸਮਝ ਸਕਦੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਸ ਦਿਸ਼ਾ 'ਚ ਸਖਤੀ ਦੇ ਨਾਲ-ਨਾਲ ਥੋੜ੍ਹਾ ਨਰਮ ਰਵੱਈਆ ਅਪਣਾਉਣਾ ਪਵੇਗਾ। ਅਸੀਂ ਜੇਲਾਂ ਬਣਾ ਕੇ ਲੋਕਾਂ ਨੂੰ ਇਨ੍ਹਾਂ 'ਚ ਭਰ ਕੇ ਸਮੱਸਿਆ ਦਾ ਹੱਲ ਨਹੀਂ ਕੱਢ ਸਕਦੇ। ਅਮਰੀਕਾ ਦੀਆਂ ਜੇਲਾਂ ਭਰੀਆਂ ਹੋਈਆਂ ਹਨ, ਲੋਕ ਫਿਰ ਵੀ ਅਪਰਾਧ ਕਰ ਰਹੇ ਹਨ। ਉਥੇ ਇਸ ਤੋਂ ਵੀ ਬੁਰਾ ਹਾਲ ਹੈ। ਸਾਨੂੰ ਲੋਕਾਂ ਤੇ ਪਰਿਵਾਰਾਂ ਨੂੰ ਸਿੱਖਿਅਤ ਕਰਨ ਅਤੇ ਸਮਾਜ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਸਮਾਜ ਤੇ ਪਰਿਵਾਰ ਦੇ ਦਖਲ, ਸੁਧਾਰ ਅਤੇ ਮੁੜ-ਵਸੇਬੇ ਨਾਲ ਹੀ ਇਸ ਸਮੱਸਿਆ ਦਾ ਹੱਲ ਹੋਵੇਗਾ। ਸਾਨੂੰ ਸਾਰੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਮਸਲੇ ਦਾ ਹੱਲ ਕੱਢਣਾ ਪਵੇਗਾ।