ਕੈਨੇਡੀਅਨ ਮੰਤਰੀ ਨੇ ਚੀਨ ਨਾਲ ਕਾਰੋਬਾਰੀ ਸਬੰਧ ਸੁਧਰਨ ਦੀ ਕੀਤੀ ਉਮੀਦ

02/11/2019 4:47:29 PM

ਓਟਵਾ (ਏਜੰਸੀ)- ਚੀਨ ਨਾਲ ਚੱਲ ਰਹੇ ਤਣਾਅਪੂਰਨ ਸਬੰਧਾਂ ਕਾਰਨ ਕੈਨੇਡਾ ਦੀ ਇਸ ਮੁਲਕ ਨਾਲ ਕਾਰੋਬਾਰੀ ਦਿਲਚਸਪੀ ਪਹਿਲਾਂ ਨਾਲੋਂ ਘਟਣ ਦੀ ਉਮੀਦ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਨੇਡਾ ਦੇ ਕੁਦਰਤੀ ਸੰਸਾਧਨ ਮੰਤਰੀ ਜਿਮ ਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਕੈਨੇਡਾ ਤੇ ਚੀਨ ਆਪਣੇ ਮਤਭੇਦ ਖਤਮ ਕਰ ਲੈਣਗੇ ਤੇ ਮੁੜ ਤੋਂ ਦੋਵਾਂ ਮੁਲਕਾਂ ਦੇ ਆਰਥਿਕ ਸਬੰਧਾਂ ਵਿਚ ਸੁਧਾਰ ਆ ਜਾਵੇਗਾ। ਕਾਰ ਨੇ ਕਿਹਾ ਕਿ ਉਨ੍ਹਾਂ ਦਾ ਯਕੀਨ ਕੈਨੇਡਾ ਤੇ ਚੀਨ ਦਰਮਿਆਨ ਲੰਮੇ ਤੇ ਗੁੰਝਲਦਾਰ ਸਬੰਧਾਂ 'ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧ ਔਖੇ ਵੇਲਿਆਂ ਵਿੱਚ ਵੀ ਜਾਰੀ ਰਹੇ।

ਜ਼ਿਕਰਯੋਗ ਹੈ ਕਿ ਦਸੰਬਰ ਵਿੱਚ ਅਮਰੀਕਾ ਦੀ ਬੇਨਤੀ 'ਤੇ ਵੈਨਕੂਵਰ ਵਿੱਚ ਹੁਵਾਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਓਟਾਵਾ ਤੇ ਬੀਜਿੰਗ ਡਿਪਲੋਮੈਟਿਕ ਵਿਵਾਦ 'ਚ ਉਲਝੇ ਹੋਏ ਹਨ। ਵਾਨਜ਼ੋਊ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਨੇ ਦੋ ਕੈਨੇਡੀਅਨਾਂ ਨੂੰ ਇਹ ਆਖਦਿਆਂ ਹੋਇਆਂ ਗ੍ਰਿਫਤਾਰ ਕਰ ਲਿਆ ਕਿ ਉਹ ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਖੜ੍ਹਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਉਲਝੇ ਹੋਏ ਹਨ। ਇਸ ਦੇ ਨਾਲ ਹੀ ਨਸ਼ਿਆਂ ਦੀ ਸਮਗਲਿੰਗ ਦੇ ਇੱਕ ਪੁਰਾਣੇ ਮਾਮਲੇ ਨੂੰ ਦੁਬਾਰਾ ਖੋਲ੍ਹ ਕੇ ਇੱਕ ਹੋਰ ਕੈਨੇਡੀਅਨ ਨੂੰ ਪਹਿਲਾਂ ਸੁਣਾਈ ਗਈ 15 ਸਾਲ ਦੀ ਸਜ਼ਾ ਨੂੰ ਮੌਤ ਦੀ ਸਜ਼ਾ ਵਿੱਚ ਤਬਦੀਲ ਕਰ ਦਿੱਤਾ ਗਿਆ।


Sunny Mehra

Content Editor

Related News