ਕੈਨੇਡਾ ''ਚ ਨਕਾਬ ਪਾਉਣ ''ਤੇ ਪਾਬੰਦੀ ਦੇ ਕਾਨੂੰਨ ''ਤੇ ਲੱਗੀ ਰੋਕ

12/02/2017 3:49:04 PM

ਟੋਰਾਂਟੋ— ਕੈਨੇਡਾ ਦੀ ਅਦਾਲਤ ਨੇ ਕਿਊਬਿਕ ਸੂਬੇ 'ਚ ਲੋਕਾਂ 'ਤੇ ਜਨਤਕ ਸੇਵਾਵਾਂ ਦੇ ਲੈਣ-ਦੇਣ ਸਮੇਂ ਚਿਹਰੇ 'ਤੇ ਬੁਰਕਾ ਪਾਉਣ ਦੀ ਪਾਬੰਦੀ ਸੰਬੰਧੀ ਕਾਨੂੰਨ 'ਤੇ ਰੋਕ ਲਗਾਈ ਹੈ। ਇਸ ਫੈਸਲੇ ਨੂੰ ਨਾਗਰਿਕ ਸੁਤੰਤਰਤਾ ਸਮੂਹਾਂ ਲਈ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸਮੂਹਾਂ ਨੇ ਤਰਕ ਦਿੱਤਾ ਸੀ ਕਿ ਕਾਨੂੰਨ ਅਸੰਵਿਧਾਨਕ ਹੈ ਅਤੇ ਮੁਸਲਿਮ ਔਰਤਾਂ ਖਿਲਾਫ ਭੇਦ-ਭਾਵ ਕਰਦਾ ਹੈ। ਅਧਿਕਾਰਕ ਸੂਤਰਾਂ ਮੁਤਾਬਕ ਨਿਆਂਇਕ ਬਬਾਕ ਬੈਰਿਨ ਨੇ ਚਿਹਰਾ ਢੱਕਣ 'ਤੇ ਪਾਬੰਦੀ ਸੰਬੰਧੀ ਕਾਨੂੰਨ 'ਤੇ ਸਰਕਾਰ ਵਲੋਂ ਕਾਨੂੰਨੀ ਦਿਸ਼ਾ-ਨਿਰਦੇਸ਼ ਮਿਲਣ ਤਕ ਰੋਕ ਲਗਾ ਦਿੱਤੀ ਹੈ। 
ਸਰਕਾਰ ਦੇ ਕਾਨੂੰਨੀ ਦਿਸ਼ਾ-ਨਿਰਦੇਸ਼ ਤੈਅ ਕਰਨਗੇ ਕਿ ਕਾਨੂੰਨ ਕਿਵੇਂ ਲਾਗੂ ਹੋਵੇਗਾ ਅਤੇ ਕਿਨ੍ਹਾਂ ਸਥਿਤੀਆਂ 'ਚ ਇਸ ਕਾਨੂੰਨ ਤੋਂ ਛੋਟ ਮਿਲੇਗੀ। ਮੁੱਖ ਰੂਪ 'ਚ ਫਰੈਂਚ ਬੋਲਣ ਵਾਲੇ ਕਿਊਬਿਕ ਸੂਬੇ ਦੀ ਸਰਕਾਰ ਕੋਲ ਹੁਣ ਇਸ ਗੱਲ ਨੂੰ ਸਪੱਸ਼ਟ ਕਰਨ ਦਾ ਮੌਕਾ ਹੈ ਕਿ ਕਾਨੂੰਨ ਕਿਵੇਂ ਵਿਵਹਾਰ 'ਚ ਲਿਆਂਦਾ ਜਾਵੇਗਾ। ਅਕਤੂਬਰ ਮਹੀਨੇ ਇਹ ਕਾਨੂੰਨ ਵਿਦਿਆਰਥੀਆਂ ਤੋਂ ਲੈ ਕੇ ਅਧਿਆਪਕਾਂ, ਹਸਪਤਾਲ ਕਰਮਚਾਰੀਆਂ, ਪੁਲਸ ਅਧਿਕਾਰੀਆਂ ਅਤੇ ਬੱਸ ਡਰਾਈਵਰਾਂ ਸਮੇਤ ਹਰੇਕ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਸੀ। ਕਾਨੂੰਨ 'ਚ ਹਾਲਾਂਕਿ ਕਿਸੇ ਧਰਮ ਦਾ ਜ਼ਿਕਰ ਨਹੀਂ ਹੈ ਪਰ ਚਰਚਾ ਦਾ ਕੇਂਦਰ ਘੱਟ ਗਿਣਤੀ ਮੁਸਲਮਾਨ ਔਰਤਾਂ ਵੱਲੋਂ ਪਹਿਨਿਆ ਜਾਣ ਵਾਲਾ ਬੁਰਕਾ ਹੈ।


Related News