ਕੈਨੇਡਾ ਸਰਕਾਰ ਨੇ ਆਪਣੀ ਧਰਤੀ ''ਤੇ ਅੱਤਵਾਦੀ ਸਿਖਲਾਈ ਕੈਂਪ ਦੀ ਹੋਂਦ ਤੋਂ ਝਾੜਿਆ ਪੱਲਾ

05/31/2016 12:57:21 PM

ਵੈਨਕੂਵਰ : ਕੈਨੇਡਾ ਦੀ ਸਰਕਾਰ ਨੇ ਆਪਣੀ ਧਰਤੀ ''ਤੇ ਕਿਸੇ ਅੱਤਵਾਦੀ ਸਿਖਲਾਈ ਕੈਂਪ ਦੀ ਹੋਂਦ ਤੋਂ ਲਗਭਗ ਪੱਲਾ ਝਾੜ ਲਿਆ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਬਾਰੇ ਕੋਈ ਵਿਚਾਰ ਚਰਚਾ ਨਹੀਂ ਕਰੇਗੀ, ਜਿਵੇਂ ਕਿ ਭਾਰਤ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ''ਮਿਸ਼ਨ'' ਨਾਮੀ ਇਲਾਕੇ ਵਿਚ ਜੋ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ''ਚ ਹੈ, ਇਕ ਵਿਅਕਤੀ ਸਿਖਲਾਈ ਕੈਂਪ ਚਲਾ ਰਿਹਾ ਹੈ ਅਤੇ ਜਿਸ ਦਾ ਮਕਸਦ ਭਾਰਤ ''ਤੇ ਹਮਲੇ ਕਰਨਾ ਹੈ। ਸੋਮਵਾਰ ਨੂੰ ਇਸ ਸੰਬੰਧ ਵਿਚ ਹੋਈ ਇਕ ਮੀਟਿੰਗ ਉਪਰੰਤ ਪਬਲਿਕ ਸੁਰੱਖਿਆ ਮੰਤਰੀ ਗਲਫ ਮੁਡੇਲ ਨੇ ਭਾਰਤੀ ਅਖ਼ਬਾਰਾਂ ''ਚ ਛਪੀਆਂ ਇਸ ਕੈਂਪ ਨਾਲ ਸੰਬੰਧਤ ਖਬਰਾਂ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ, ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ਸੁਆਲ ਪੁੱਛਿਆ ਕਿ ਕੋਈ ਹਰਦੀਪ ਸਿੰਘ ਨਿੱਝਰ ਨਾਂ ਦਾ ਵਿਅਕਤੀ ਅੱਤਵਾਦੀ ਸਿਖਲਾਈ ਕੈਂਪ ਚਲਾ ਰਿਹਾ ਹੈ ਅਤੇ ਉਹ ਇਕ ਛੋਟੇ ਜਿਹੇ ਗਰੁੱਪ ਨੂੰ ਏ.ਕੇ-47 ਸਮੇਤ ਹੋਰ ਕਈ ਹਥਿਆਰ ਚਲਾਉਣ ਦੀ ਸਿਖਲਾਈ ਦੇ ਰਿਹਾ ਹੈ ਤਾਂ ਮੰਤਰੀ ਨੇ ਕੋਈ ਜੁਆਬ ਨਹੀਂ ਦਿੱਤਾ। ਉਨ੍ਹਾਂ ਸਿਰਫ ਇਹੀ ਕਿਹਾ ਕਿ ਜੇ ਸਚਮੁੱਚ ਅਜਿਹਾ ਕੁਝ ਹੈ ਤਾਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਜਾਂ ਭਾਰਤ ਸਰਕਾਰ ਨੇ ਇਸ ਸੰਬੰਧ ''ਚ ਕੈਨੇਡੀਅਨ ਅਧਿਕਾਰੀਆਂ ਨਾਲ ਕੋਈ ਰਾਬਤਾ ਕੀਤਾ ਹੈ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
ਨਵੀਂ ਦਿੱਲੀ ਤੋਂ ਛਪਣ ਵਾਲੇ ਇਕ ਅਖਬਾਰ ਵਿਚ ਬੀਤੇ ਦਿਨੀਂ ਉਨ੍ਹਾਂ ਅੱਤਵਾਦੀ ਸਿਖਲਾਈ ਕੈਂਪ ਬਾਰੇ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੈਂਪ ਚਲਾਉਣ ਵਾਲਾ ਹਰਦੀਪ ਸਿੰਘ ਨਿੱਝਰ ''ਖਾਲਿਸਤਾਨ ਟੈਰਰ ਫੋਰਸ'' (ਕੇ.ਟੀ.ਐਫ) ਦਾ ਆਪਰੇਸ਼ਨਲ ਮੁਖੀ ਹੈ।
ਦੂਜੇ ਪਾਸੇ ਕੈਨੇਡਾ ਦੇ ਰਹਿਣ ਵਾਲੇ ਹਰਦੀਪ ਸਿੰਘ ਨਿੱਝਰ ਨਾਮੀ ਵਿਅਕਤੀ ਨੇ ਇਨ੍ਹਾਂ ਖਬਰਾਂ ਨੂੰ ਮਨਘੜਤ ਦੱਸਦਿਆਂ ਕਿਹਾ ਕਿ ਕੈਂਪ ਨਾਲ ਉਸਦਾ ਨਾਂ ਜੋੜੇ ਜਾਣ ''ਤੇ ਉਸ ਨੂੰ ਵੱਡਾ ਸਦਮਾ ਲੱਗਾ ਹੈ। ਇਹ ਸਭ ਕਹਾਣੀਆਂ ਬਕਵਾਸ ਹਨ। ਉਹ ਇਕ ਮਿਹਨਤੀ ਵਿਅਕਤੀ ਹੈ ਜਿਹੜਾ 20-21 ਸਾਲ ਪਹਿਲਾਂ ਕੈਨੇਡਾ ਪਹੁੰਚਿਆ ਸੀ ਅਤੇ ਅੱਜ ਕੈਨੇਡਾ ਦਾ ਨਾਗਰਿਕ ਹੈ। ਅੱਜ ਉਸ ਦਾ ਆਪਣਾ ਪਲੰਬਿਗ ਦਾ ਕਾਰੋਬਾਰ ਹੈ।
ਭਾਰਤੀ ਮੀਡੀਆ ਦੀਆਂ ਰਿਪੋਰਟਾਂ ''ਚ ਇਹ ਵੀ ਲਿਖਿਆ ਗਿਆ ਸੀ ਕਿ ਹਰਦੀਪ ਨਿੱਝਰ 2007 ''ਚ ਹੋਏ ਲੁਧਿਆਣਾ ਬੰਬ ਧਮਾਕਿਆਂ ''ਚ ਪੁਲਸ ਨੂੰ ਲੋੜੀਂਦਾ ਹੈ। ਇਨ੍ਹਾਂ ਧਮਾਕਿਆਂ ''ਚ 6 ਲੋਕ ਮਾਰੇ ਗਏ ਸਨ ਅਤੇ 40 ਤੋਂ ਵੱਧ ਜ਼ਖਮੀ ਹੋਏ ਸਨ। ਅੱਤਵਾਦੀ ਕਾਰਵਾਈਆਂ ਦੇ ਸੰਬੰਧ ਵਿਚ ਨਿੱਝਰ ਵਿਰੁੱਧ ਇੰਟਰਪੋਲ ਵਲੋਂ ਰੈੱਡ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਕੈਨੇਡਾ ਦੇ ਜਿਸ ਇਲਾਕੇ ''ਚ ''ਅੱਤਵਾਦੀ ਕੈਂਪ'' ਦੀ ਹੋਂਦ ਦੱਸੀ ਜਾ ਰਹੀ ਹੈ, ਉਸ ਇਲਾਕੇ ਦੇ ਮੇਅਰ ਨੇ ਇਨ੍ਹਾਂ ਖਬਰਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ''ਮਿਸ਼ਨ'' ਦੇ ਮੇਅਰ ਰੈੱਡੀ ਹਾਵਸ ਨੇ ਕਿਹਾ, ''''ਭਾਰਤੀ ਮੀਡੀਆ ਦੀਆਂ ਰਿਪੋਰਟਾਂ ''ਚ ਕੋਈ ਦਮ ਨਹੀਂ ਹੈ।''''

Gurminder Singh

This news is Content Editor Gurminder Singh