''ਫੌਜੀਆਂ ਦੇ ਸਰਦਾਰ'' ਨੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਸੁਣਾਈ ਆਪਣੇ ਸ਼ਾਨਦਾਰ ਸਫਰ ਦੀ ਕਹਾਣੀ (ਤਸਵੀਰਾਂ)

04/29/2016 12:25:16 PM


ਵੈਨਕੂਵਰ— ਕੈਨੇਡਾ ਦੇ ਪਹਿਲੇ ਦਸਤਾਰਧਾਰੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸਰੀ ਵਿਚ ਨੌਜਵਾਨਾਂ ਨੂੰ ਗੈਂਗਵਾਰ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਗੋਲੀਆਂ ਚਲਾਉਣ ਦਾ ਇੰਨਾਂ ਸ਼ੌਂਕ ਹੈ ਤਾਂ ਪੁਲਸ ਜਾਂ ਫੌਜ ਵਿਚ ਭਰਤੀ ਹੋਵੋ ਅਤੇ ਦੇਸ਼ ਦੀ ਸੇਵਾ ਕਰੋ। ਹਰਜੀਤ ਸਿੰਘ ਸੱਜਣ ਕੈਨੇਡਾ ਵਿਚ ਇਕ ਫੌਜੀ, ਗੈਂਗ ਜਾਂਚ ਯੂਨਿਟ ਅਤੇ ਪੁਲਸ ਮੁਲਾਜ਼ਮ ਦੇ ਤੌਰ ''ਤੇ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਰੱਖਿਆ ਮੰਤਰੀ ਵਜੋਂ ਉਨ੍ਹਾਂ ਨੇ ਦੁਸ਼ਮਣਾਂ ਤੋਂ ਕੈਨੇਡਾ ਦੀ ਰੱਖਿਆ ਦੀ ਜ਼ਿੰਮੇਵਾਰੀ ਚੁੱਕੀ ਹੈ। ਹਰਜੀਤ ਸਿੰਘ ਸੱਜਣ ਸਰੀ ਵਿਚ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ''ਤੇ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਵੈਨਕੂਵਰ ਦੇ ਦੱਖਣੀ ਸ਼ਹਿਰ ਸਰੀ ਵਿਚ 1 ਜਨਵਰੀ ਤੋਂ ਹੁਣ ਤੱਕ ਗੋਲੀਬਾਰੀ ਦੀਆਂ 34 ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿਚ 10 ਲੋਕ ਜ਼ਖਮੀ ਹੋਏ ਅਤੇ ਇਕ ਦੀ ਮੌਤ ਹੋ ਗਈ। ਜ਼ਿਆਦਾਤਰ ਮਾਮਲੇ ਡਰੱਗ ਡੀਲਰਾਂ ਦੇ ਗੈਂਗਵਾਰ ਨਾਲ ਜੁੜੇ ਹੋਏ ਸਨ। ਸਰੀ ਵਿਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸੱਜਣ ਨੇ ਕਿਹਾ ਕਿ ਨੌਜਵਾਨ ਗੈਂਗਸ ਵਿਚ ਭਰਤੀ ਹੋਣ ਨੂੰ ਕਾਹਲੇ ਰਹਿੰਦੇ ਹਨ ਪਰ ਜੇਕਰ ਗੋਲੀਆਂ ਚਲਾਉਣ ਦਾ ਇੰਨਾਂ ਹੀ ਸ਼ੌਂਕ ਹੈ ਤਾਂ ਉਨ੍ਹਾਂ ਨੂੰ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। 
ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਇਕ ਆਮ ਜਿਹੇ ਬੱਚੇ ਤੋਂ ਕੈਨੇਡਾ ਦਾ ਰੱਖਿਆ ਮੰਤਰੀ ਬਣਨ ਤੱਕ ਦੇ ਆਪਣੇ ਸਫਰ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਉਹ 1976 ''ਚ ਇਕ ਪਰਵਾਸੀ ਦੇ ਰੂਪ ਵਿਚ ਆਪਣੇ ਪਰਿਵਾਰ ਨਾਲ ਕੈਨੇਡਾ ਆਏ। ਵੈਨਕੂਵਰ ''ਚ ਉਨ੍ਹਾਂ ਦਾ ਬਚਪਨ ਬੀਤਿਆ। ਇਸ ਦੌਰਾਨ ਜਵਾਨੀ ਵਿਚ ਪੈਰ ਧਰਦਿਆਂ ਉਨ੍ਹਾਂ ਦੇ ਕਦਮ ਵੀ ਕਈ ਵਾਲ ਡੋਲੇ ਸਨ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਕਲਾਸ ਦਾ ਵਿਦਿਆਰਥੀ ਬਿੰਦੀ ਜੌਹਲ ਅੱਗੇ ਜਾ ਕੇ ਇਕ ਗੈਂਗਸਟਰ ਬਣ ਗਿਆ ਅਤੇ 27 ਸਾਲ ਦੀ ਉਮਰ ਵਿਚ ਗੈਂਗਵਾਰ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ। ਬਕੌਲ ਸੱਜਣ ਆਪਣੀ ਕਲਾਸ ਦੇ ਉਸ ਵਿਦਿਆਰਥੀ ਦੀ ਰਾਹ ''ਤੇ ਚੱਲਣ ਦੀ ਥਾਂ ''ਤੇ ਉਨ੍ਹਾਂ ਨੇ ਉਹ ਰਸਤਾ ਚੁਣਿਆ, ਜੋ ਉਨ੍ਹਾਂ ਨੂੰ ਅਧਿਆਪਕਾਂ ਨੇ ਦਿਖਾਇਆ ਸੀ। ਚੰਗੇ ਅਧਿਆਪਕਾਂ ਅਤੇ ਦੋਸਤਾਂ ਦੇ ਸਾਥ ਨੇ ਉਨ੍ਹਾਂ ਨੂੰ ਉਹ ਬਣਾਇਆ, ਜੋ ਅੱਜ ਉਹ ਹਨ।  ਸੱਜਣ ਨੇ ਕੈਨੇਡੀਅਨ ਆਰਮੀ ਜੁਆਇਨ ਕੀਤੀ ਅਤੇ ਅਫਗਾਨਿਸਤਾਨ ਅਤੇ ਬੋਸਨੀਆ ਵਿਚ ਫੌਜੀ ਸੇਵਾਵਾਂ ਦਿੱਤੀਆਂ। ਵੈਨਕੂਵਰ ਪੁਲਸ ਵਿਭਾਗ ਵਿਚ 11 ਸਾਲਾਂ ਤੱਕ ਅਤੇ ਗੈਂਗ ਜਾਂਚ ਯੂਨਿਟ ਮੈਂਬਰ ਦੇ ਤੌਰ ''ਤੇ ਉਨ੍ਹਾਂ ਨੇ ਕਾਫੀ ਕੰਮ ਕੀਤਾ। ਸੱਜਣ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਗੈਂਗਵਾਰ ਕਿਸੇ ਇਕ ਭਾਈਚਾਰੇ ਦੀ ਸਮੱਸਿਆ ਨਹੀਂ, ਸਗੋਂ ਇਹ ਕੈਨੇਡਾ ਦੀ ਸਾਂਝੀ ਸਮੱਸਿਆ ਹੈ, ਜਿਸ ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ।

Kulvinder Mahi

This news is News Editor Kulvinder Mahi