ਕੈਨੇਡੀਅਨ ਬਾਰਡਰ ਸਰਵਿਸ ਅਧਿਕਾਰੀਆ ਵੱਲੋਂ ਹੜਤਾਲ, ਅਮਰੀਕਾ-ਕੈਨੈਡਾ ਬਾਰਡਰ ''ਤੇ ਲੱਗੀਆ ਲੰਮੀਆਂ ਲਾਈਨਾਂ

08/07/2021 9:31:18 AM

ਨਿਊਯਾਰਕ (ਰਾਜ ਗੋਗਨਾ): ਕੈਨੇਡੀਅਨ ਬਾਰਡਰ ਸਰਵਿਸ ਅਧਿਕਾਰੀਆਂ (CBSA) ਵੱਲੋਂ 'ਵਰਕ-ਟੂ-ਰੂਲ' ਹੜਤਾਲ ਕਰ ਦਿੱਤੀ ਗਈ ਹੈ, ਜਿਸ ਨਾਲ ਕੈਨੇਡਾ-ਅਮਰੀਕਾ ਬਾਰਡਰ 'ਤੇ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਅਮਰੀਕਾ ਵਾਲੇ ਪਾਸੇ ਬੈਕਅੱਪ ਟ੍ਰੈਫਿਕ 10 ਕਿਲੋਮੀਟਰ ਤੱਕ ਵੀ ਲੱਗਣ ਦੀਆਂ ਖ਼ਬਰਾਂ ਹਨ। ਬਾਰਡਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ 'ਵਰਕ-ਟੂ-ਰੂਲ' ਹੜਤਾਲ ਵਿਚ ਬਾਰਡਰ ਅਧਿਕਾਰੀ ਸਾਰੇ ਹੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਜਿਸ ਨਾਲ ਇਕ ਰਾਹਗੀਰ ਜੋ ਸਿਰਫ਼ ਅੱਧੇ ਮਿੰਟ ਵਿਚ 2-3 ਸਵਾਲਾਂ ਦੇ ਜਵਾਬ ਨਾਲ ਕੈਨੇਡਾ ਦਾਖ਼ਲ ਹੋ ਜਾਂਦਾ ਸੀ, ਹੁਣ ਉਸ ਨੂੰ ਕਰੀਬ 5 ਤੋਂ 10 ਮਿੰਟ ਲੱਗ ਰਹੇ ਹਨ, ਜਿਸ ਨਾਲ ਬੈਕਅੱਪ ਲੱਗ ਰਹੀ ਹੈ।

ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ (ਪੀ.ਐੱਸ.ਏ.ਸੀ.) ਅਤੇ ਕਸਟਮਜ਼ ਐਂਡ ਇਮੀਗ੍ਰੇਸ਼ਨ ਯੂਨੀਅਨ ਇਸ ਹੜਤਾਲ ਵਿਚ ਤਕਰੀਬਨ 9,000 ਹਜ਼ਾਰ ਬਾਰਡਰ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰ ਰਹੇ ਹਨ। ਇਸ ਹੜਤਾਲ ਦਾ ਮਕਸਦ ਉਨ੍ਹਾਂ ਕਰਮਚਾਰੀਆਂ ਲਈ ਕੰਮ ਦੇ ਕਾਂਟ੍ਰੈਕਟ ਹਾਸਲ ਕਰਨਾ ਹੈ ਜੋ 3 ਸਾਲਾਂ ਤੋਂ ਬਿਨਾਂ ਅਧਿਕਾਰਤ ਦਸਤਾਵੇਜ਼ ਦੇ ਕੰਮ ਕਰ ਰਹੇ ਹਨ ਅਤੇ ਇਸ ਹੜਤਾਲ ਦਾ ਮਕਸਦ ਕੰਮ ਦੇ "ਖ਼ਤਰਨਾਕ" ਹਾਲਾਤਾਂ ਵਿਚ ਸੁਧਾਰ ਲਿਆਉਣਾ ਵੀ ਹੈ।

ਹੜਤਾਲੀ ਕਰਮਚਾਰੀਆਂ ਮੁਤਾਬਕ ਜਦੋਂ ਤੱਕ ਉਹ ਕੈਨੇਡੀਅਨ ਸਰਕਾਰ ਨਾਲ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦੇ, "ਵਰਕ-ਟੂ-ਰੂਲ" ਹੜਤਾਲ ਲਾਗੂ ਰਹੇਗੀ । ਭਾਵ ਹਵਾਈ ਅੱਡਿਆਂ ਅਤੇ ਸਰਹੱਦਾਂ 'ਤੇ ਕੰਮ ਕਰਨ ਵਾਲੇ ਕਾਨੂੰਨ ਪ੍ਰਤੀ ਆਪਣੀ ਜਿੰਮੇਵਾਰੀ ਇੰਝ ਹੀ ਨਿਭਾਉਣਗੇ ਮਤਲਬ ਜ਼ਿਆਦਾ ਪੁੱਛ ਪੜਤਾਲ ਨਾਲ ਇੰਝ ਹੀ ਵਾਧੂ ਸਮਾਂ ਲੱਗੇਗਾ। ਹੜਤਾਲ ਕਰਨ ਵਾਲੀ ਯੂਨੀਅਨ ਦੇ ਤਿੰਨ ਮੁੱਖ ਮੁੱਦੇ ਹਨ, ਪਹਿਲਾ ਹੋਰਨਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਤਨਖ਼ਾਹ ਦੀ ਸਮਾਨਤਾ,  ਸਰਹੱਦੀ ਏਜੰਸੀ ਦੇ ਕੰਮਕਾਜ ਵਿਚ ਲੋੜ ਤੋਂ ਵੱਧ ਅਨੁਸ਼ਾਸਨ 'ਚ ਸੁਧਾਰ ਅਤੇ ਬਿਹਤਰ ਸੁਰੱਖਿਆ ਤੇ ਭਾਸ਼ਾਈ ਨਿਯਮਾਂ 'ਚ ਤਬਦੀਲੀ ਜਿਸ ਨਾਲ ਕੁੱਝ ਮੈਂਬਰਾਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਮਿਲ ਸਕਦੀ ਹੈ।
 


cherry

Content Editor

Related News