ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਲਈ ਰਵਾਨਾ ਹੋਈਆਂ ਕੈਨੇਡੀਅਨ ਸੰਗਤਾਂ

02/21/2018 9:44:19 AM

ਅੰਮ੍ਰਿਤਸਰ— ਕੈਨੇਡਾ ਤੋਂ ਭਾਰਤ ਪੁੱਜੇ ਪ੍ਰਧਾਨ ਮੰਤਰੀ ਟਰੂਡੋ ਆਪਣੇ ਪਰਿਵਾਰ ਅਤੇ ਵਫਦ ਸਮੇਤ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਲਈ ਮੁੰਬਈ ਤੋਂ ਰਵਾਨਾ ਹੋ ਚੁੱਕੇ ਹਨ। ਤਕਰੀਬਨ 11 ਕੁ ਵਜੇ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੁੱਜ ਜਾਣਗੇ। ਕੈਨੇਡਾ ਦੀ ਵਫਦ 'ਚ ਆਏ ਐੱਮ. ਪੀ. ਰਣਦੀਪ ਸਿੰਘ ਸਰਾਏ. ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਉਹ ਮੁੰਬਈ ਦੇ 'ਗੇਟ ਵੇਅ ਆਫ ਇੰਡੀਆ' ਤੋਂ ਗੁਰੂ ਨਗਰੀ ਅਤੇ 'ਸ੍ਰੀ ਹਰਿਮੰਦਰ ਸਾਹਿਬ' ਲਈ ਰਵਾਨਾ ਹੋ ਰਹੇ ਹਨ।

ਉਨ੍ਹਾਂ ਨਾਲ ਐੱਮ. ਪੀ. ਰਾਜ ਗਰੇਵਾਲ ਅਤੇ ਐੱਮ. ਪੀ. ਨਵਦੀਪ ਬੈਂਸ ਵੀ ਹਨ। ਤਿੰਨੋਂ ਦਸਤਾਰਧਾਰੀ ਐੱਮ.ਪੀ. ਕੁੜਤੇ ਪਜਾਮੇ 'ਚ ਬਹੁਤ ਸੋਹਣੇ ਲੱਗ ਰਹੇ ਹਨ। ਇਸੇ ਤਰ੍ਹਾਂ ਦਾ ਹੀ ਟਵੀਟ ਐੱਮ. ਪੀ. ਰਾਜ ਗਰੇਵਾਲ ਨੇ ਵੀ ਸਾਂਝਾ ਕੀਤਾ ਹੈ। 


ਟਰੂਡੋ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾਂ ਭਾਰ ਹੈ। ਕਮੇਟੀ ਦੇ ਮੁੱਖ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਟਰੂਡੋ ਨੂੰ ਸਿਰੋਪਾਓ, ਸੁਨਹਿਰੀ ਰੰਗ ਦੇ ਸ੍ਰੀ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਇਕ ਮਾਡਲ ਅਤੇ ਸ਼ਾਲ ਨਾਲ ਸਨਮਾਨਤ ਕੀਤਾ ਜਾਵੇਗਾ। 
ਟਰੂਡੋ ਅਤੇ ਉਨ੍ਹਾਂ ਦੀ ਵਫਦ ਦੇ ਸਵਾਗਤ ਲਈ ਪੰਜਾਬ ਸਰਕਾਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਅੰਮ੍ਰਿਤਸਰ ਪੁੱਜਣਗੇ। ਕਈ ਸੀਨੀਅਰ ਆਗੂ ਤੇ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੌਜੂਦ ਹੋਣਗੇ, ਜਿਨ੍ਹਾਂ 'ਚ ਦੇਸ਼ ਦੇ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਟੂਰਿਜ਼ਮ, ਸੱਭਿਆਚਾਰਕ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਆਈ. ਏ. ਐੱਸ. ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਜੀਤ ਸੰਗਲਾ, ਆਈ.ਪੀ.ਐੱਸ. ਤੇ ਪੁਲਸ ਕਮਿਸ਼ਨਰ ਐੱਸ.ਐੱਸ. ਸ਼ਿਰਵਾਸਤਵ ਸ਼ਾਮਲ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਚ ਦੌਰਾਨ ਟਰੂਡੋ ਨਾਲ ਅੱਧੇ ਘੰਟੇ ਦੀ ਮੁਲਾਕਾਤ ਕਰਨਗੇ।