ਅਮਰੀਕਾ ਦੇ ਸਖਤ ਵੀਜ਼ਾ ਨਿਯਮ, ਕੈਨੇਡਾ ਨੇ ਖੋਲ੍ਹੇ ਵਿਦਿਆਰਥੀਆਂ ਲਈ ਰਾਹ

10/17/2017 3:49:42 PM

ਬੇਂਗਲੁਰੂ/ਟੋਰਾਂਟੋ— ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ਨੂੰ ਲੈ ਕੇ ਵਰਤੀ ਜਾ ਰਹੀ ਸਖਤੀ ਅਤੇ ਉੱਥੇ ਰਹਿਣ ਨੂੰ ਲੈ ਕੇ ਵਧੀ ਚਿੰਤਾ ਕਾਰਨ ਭਾਰਤੀ ਵਿਦਿਆਰਥੀ ਆਪਣੇ ਵਿਦੇਸ਼ ਪੜ੍ਹਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੁਣ ਹੋਰ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਉੱਥੇ ਹੀ, ਕੈਨੇਡਾ ਦੇ ਨਰਮ ਨਿਯਮਾਂ ਅਤੇ ਸਸਤੀ ਪੜ੍ਹਾਈ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਸਭ ਤੋਂ ਵੱਧ ਆਕਰਸ਼ਤ ਕੀਤਾ ਹੈ। ਅਮਰੀਕਾ, ਆਸਟ੍ਰੇਲੀਆ ਨਾਲੋਂ ਕੈਨੇਡਾ 'ਚ ਸਾਲਾਨਾ ਖਰਚ ਘੱਟ ਹੋਣ ਕਾਰਨ ਭਾਰਤੀ ਵਿਦਿਆਰਥੀ ਹੁਣ ਇਸ ਦੇਸ਼ ਲਈ ਵੀਜ਼ਾ ਅਪਲਾਈ ਕਰ ਰਹੇ ਹਨ। ਜਿੱਥੇ ਕਈ ਦੇਸ਼ਾਂ ਵੱਲੋਂ ਵੀਜ਼ਾ ਨਿਯਮਾਂ 'ਚ ਸਖਤੀ ਕੀਤੀ ਜਾ ਰਹੀ ਹੈ, ਉੱਥੇ ਹੀ ਕੈਨੇਡਾ ਨੇ ਹੋਣਹਾਰਾਂ ਲਈ ਆਪਣੇ ਦਰਵਾਜ਼ੇ ਖੋਲੇ ਹੋਏ ਹਨ। ਜਾਣਕਾਰੀ ਮੁਤਾਬਕ, ਭਾਰਤ 'ਚ ਕੈਨੇਡੀਅਨ ਅੰਬੈਸੀ ਵੱਲੋਂ ਇਸ ਸਾਲ ਪਿਛਲੇ ਸਾਲ ਨਾਲੋਂ ਲਗਭਗ ਦੁਗਣੇ ਵਿਦਿਅਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ। ਬੇਂਗਲੁਰੂ 'ਚ ਕੈਨੇਡੀਅਨ ਕੌਂਸਲ ਜਨਰਲ ਜੈਨੀਫਰ ਨੇ ਦੱਸਿਆ ਕਿ ਉਹ ਸਾਲ ਦਰ ਸਾਲ ਦਾ ਅੰਕੜਾ ਤਾਂ ਨਹੀਂ ਦੱਸ ਸਕਦੀ ਪਰ ਕੈਨੇਡਾ 'ਚ ਇਸ ਸਮੇਂ 75,000 ਭਾਰਤੀ ਵਿਦਿਆਰਥੀ ਹਨ। ਸਾਲ 2015 'ਚ ਇਹ ਗਿਣਤੀ 50,000 ਸੀ, ਜਦੋਂ ਕਿ ਸਾਲ 2000 'ਚ ਇਹ ਗਿਣਤੀ ਸਿਰਫ 20,000 ਸੀ।

ਸਾਲ 2016 'ਚ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ 'ਚ ਸਭ ਤੋਂ ਉਪਰ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਕੈਨੇਡਾ ਰਹੇ ਹਨ। ਕੈਨੇਡਾ ਪੜ੍ਹਨ ਗਏ ਕੌਮਾਂਤਰੀ ਵਿਦਿਆਰਥੀਆਂ 'ਚੋਂ 14 ਫੀਸਦੀ ਹਿੱਸਾ ਭਾਰਤੀ ਵਿਦਿਆਰਥੀਆਂ ਦਾ ਹੈ। ਹਾਲਾਂਕਿ ਇਸ ਮਾਮਲੇ 'ਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਜੈਨੀਫਰ ਨੇ ਐੱਚ. ਐੱਸ. ਬੀ. ਸੀ. ਦੀ ਸਾਲ 2014 ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਸਿੰਗਾਪੁਰ ਅਤੇ ਹਾਂਗਕਾਂਗ ਨਾਲੋਂ ਕੈਨੇਡਾ 'ਚ ਪੜ੍ਹਨਾ ਸਸਤਾ ਹੈ। ਐੱਚ. ਐੱਸ. ਬੀ. ਸੀ. ਦੇ ਸਾਲ 2014 ਦੇ ਅਧਿਐਨ ਮੁਤਾਬਕ, ਯੂਨੀਵਰਸਿਟੀ ਫੀਸ ਅਤੇ ਸਾਲਾਨਾ ਰਹਿਣ ਦੇ ਖਰਚ ਨੂੰ ਮਿਲਾ ਕੇ ਆਸਟ੍ਰੇਲੀਆ 'ਚ ਕੁਲ ਖਰਚਾ 42,093 ਅਮਰੀਕੀ ਡਾਲਰ ਸੀ। ਉੱਥੇ ਹੀ ਅਮਰੀਕਾ ਦੇ ਮਾਮਲੇ 'ਚ ਇਹ ਖਰਚ 36,564 ਡਾਲਰ, ਇੰਗਲੈਂਡ 'ਚ 35,045 ਡਾਲਰ ਅਤੇ ਹਾਂਗਕਾਂਗ 'ਚ 32,140 ਡਾਲਰ ਸੀ, ਜਦੋਂ ਕਿ ਕੈਨੇਡਾ 'ਚ ਇਹ ਸਾਰਾ ਖਰਚਾ 29,947 ਡਾਲਰ ਸੀ। ਜੈਨੀਫਰ ਨੇ ਕਿਹਾ ਕਿ ਇੱਥੇ 1.3 ਮਿਲੀਅਨ ਭਾਰਤੀ-ਕੈਨੇਡੀਅਨ ਹਨ, ਜਿਨ੍ਹਾਂ 'ਚੋਂ 500,000 ਪੰਜਾਬ ਤੋਂ ਹਨ।