ਟਰੰਪ ਦੇ ਇਸ ਹੁਕਮ ਨਾਲ ਪੰਜਾਬੀਆਂ ਦੀ ਅਮਰੀਕਾ 'ਚ ਹੋਵੇਗੀ 'ਨੋ ਐਂਟਰੀ'

09/14/2018 2:47:06 PM

ਵਾਸ਼ਿੰਗਟਨ/ ਕੈਨੇਡਾ(ਏਜੰਸੀ)— ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦਫਤਰ ਵਲੋਂ ਵੀਰਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਹੜੇ ਕੈਨੇਡੀਅਨ ਭੰਗ ਦੇ ਵਪਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਅਮਰੀਕਾ 'ਚ ਪੂਰੀ ਜ਼ਿੰਦਗੀ ਲਈ 'ਨੋ ਐਂਟਰੀ' ਹੋ ਸਕਦੀ ਹੈ। ਜੂਨ 2018 'ਚ ਕੈਨੇਡਾ 'ਚ ਭੰਗ ਨੂੰ ਮਾਨਤਾ ਦੇਣ ਲਈ ਕਾਨੂੰਨ ਪਾਸ ਹੋ ਗਿਆ ਸੀ ਅਤੇ 17 ਅਕਤੂਬਰ 2018 ਨੂੰ ਇਹ ਪੂਰੇ ਕੈਨੇਡਾ 'ਚ ਲਾਗੂ ਹੋਵੇਗਾ। ਇਸ ਤਹਿਤ ਕੈਨੇਡਾ 'ਚ ਰਹਿਣ ਵਾਲੇ ਬਹੁਤ ਸਾਰੇ ਪੰਜਾਬੀਆਂ ਨੇ ਤਾਂ ਇਸ ਦੇ ਟੈਂਡਰ ਖਰੀਦ ਵੀ ਲਏ ਹਨ। ਆਮ ਤੌਰ 'ਤੇ ਜਿਵੇਂ ਹਰ ਦੇਸ਼ 'ਚ ਸ਼ਰਾਬ ਆਦਿ ਵੇਚਣ ਲਈ ਠੇਕੇ ਹੁੰਦੇ ਹਨ ਅਤੇ ਇਸ ਲਈ ਲਾਇਸੈਂਸ ਲੈਣੇ ਪੈਂਦੇ ਹਨ, ਇਸੇ ਤਰ੍ਹਾਂ ਕੈਨੇਡਾ 'ਚ ਵੀ ਭੰਗ ਦੇ ਠੇਕੇ ਬਣਨ ਵਾਲੇ ਹਨ। 

ਕੈਨੇਡਾ ਦੇ ਸੂਬੇ ਓਂਟਾਰੀਓ 'ਚ ਅਗਸਤ ਮਹੀਨੇ ਤਕ 26 ਸਟੋਰਾਂ ਨੂੰ ਭੰਗ ਵੇਚਣ ਦਾ ਲਾਇਸੈਂਸ ਮਿਲ ਗਿਆ ਸੀ ਅਤੇ ਸੂਬੇ ਵਲੋਂ ਦੱਸਿਆ ਗਿਆ ਹੈ ਕਿ ਸਾਲ 2020 ਤਕ ਇੱਥੇ ਭੰਗ ਦੇ 150 ਸਟੋਰ ਸਥਾਪਤ ਕਰ ਦਿੱਤੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਵੀ ਇਸ 'ਚ ਪਿੱਛੇ ਨਹੀਂ ਰਿਹਾ, ਉੱਥੇ ਵੀ 15 ਤੋਂ ਵਧੇਰੇ ਸਟੋਰਾਂ ਨੂੰ ਲਾਇਸੈਂਸ ਮਿਲ ਚੁੱਕੇ ਹਨ। ਵੱਡੀ ਗਿਣਤੀ 'ਚ ਪੰਜਾਬੀਆਂ ਨੇ ਭੰਗ ਸਟੋਰਾਂ ਲਈ ਇਨਵੈਸਟਮੈਂਟ ਕਰ ਵੀ ਦਿੱਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਅਮਰੀਕਾ ਦੇ ਨਵੇਂ ਕਾਨੂੰਨ ਤਹਿਤ ਭੰਗ ਵੇਚਣ ਵਾਲੇ ਕੈਨੇਡੀਅਨਾਂ ਸਮੇਤ ਪੰਜਾਬੀਆਂ 'ਤੇ ਵੀ ਅਮਰੀਕਾ 'ਚ ਦਾਖਲ ਹੋਣ 'ਤੇ ਰੋਕ ਲੱਗਣ ਵਾਲੀ ਹੈ। ਅਮਰੀਕੀ ਕਾਨੂੰਨ ਮੁਤਾਬਕ ਭੰਗ ਬੀਜਣ ਵਾਲੇ, ਇਸ ਨੂੰ ਵੇਚਣ ਵਾਲੇ, ਇਸ ਦੇ ਠੇਕੇ ਲੈਣ ਵਾਲੇ ਅਤੇ ਇਨਵੈਸਟਮੈਂਟ ਕਰਨ ਵਾਲਿਆਂ ਨੂੰ ਉਹ ਅਮਰੀਕਾ 'ਚ ਦਾਖਲ ਹੋਣ ਤੋਂ ਰੋਕੇਗਾ। ਇਸ ਤਰ੍ਹਾਂ ਟਰੰਪ ਦਾ ਨਵਾਂ ਹੁਕਮ ਪੰਜਾਬੀਆਂ ਲਈ ਵੱਡਾ ਘਾਟਾ ਸਿੱਧ ਹੋਣ ਵਾਲਾ ਹੈ।

ਅਮਰੀਕੀ ਅਧਿਕਾਰੀ ਟੋਡ ਓਵਨ ਨੇ ਦੱਸਿਆ ਕਿ ਅਮਰੀਕਾ ਇਸ ਨੀਤੀ ਨੂੰ ਬਦਲਣ ਵਾਲਾ ਨਹੀਂ ਹੈ। ਅਧਿਕਾਰੀ ਨੇ ਇਸ ਸਬੰਧੀ ਕੋਈ ਸਪੱਸ਼ਟੀਕਰਣ ਨਹੀਂ ਕੀਤਾ ਕਿ ਉਹ ਕਿਹੜੇ ਤੱਥਾਂ ਦੇ ਆਧਾਰ 'ਤੇ ਅਜਿਹਾ ਕਾਨੂੰਨ ਲਾਗੂ ਕਰਨਗੇ ਪਰ ਇਹ ਸਪੱਸ਼ਟ ਹੈ ਕਿ ਭੰਗ ਦੇ ਵਪਾਰ 'ਚ ਕੰਮ ਕਰਨ ਵਾਲੇ ਜਾਂ ਇਨਵੈਸਟਮੈਂਟ ਕਰਨ ਵਾਲੇ ਨਿਸ਼ਾਨੇ 'ਤੇ ਹਨ। ਤੁਹਾਨੂੰ ਦੱਸ ਦਈਏ ਕਿ ਹਜ਼ਾਰਾਂ ਕੈਨੇਡੀਅਨਾਂ ਨੇ ਭੰਗ ਦੀਆਂ ਕੰਪਨੀਆਂ 'ਚ ਇਨਵੈਸਟਮੈਂਟ ਕੀਤੀ ਹੋਈ ਹੈ। 
ਇਸ 'ਤੇ ਗੱਲ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਰ ਦੇਸ਼ ਨੂੰ ਹੱਕ ਹੁੰਦਾ ਹੈ ਕਿ ਉਹ ਇਸ ਗੱਲ ਦਾ ਫੈਸਲਾ ਕਰੇ ਕਿ ਉਸ ਦੀ ਸਰਹੱਦ ਨੂੰ ਕੌਣ ਪਾਰ ਕਰ ਸਕਦਾ ਹੈ ਕੌਣ ਨਹੀਂ?

ਵੈਨਕੂਵਰ ਦੇ ਇਨਵੈਸਟਰ 'ਤੇ ਵੀ ਲੱਗੀ ਅਮਰੀਕਾ 'ਚ ਦਾਖਲ ਹੋਣ 'ਤੇ ਰੋਕ
ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਭੰਗ ਦੀ ਕੰਪਨੀ 'ਚ ਇਨਵੈਸਟਰ ਸੈਮ ਜ਼ਨੇਮਰ 'ਤੇ ਤਾਂ ਰੋਕ ਲੱਗ ਵੀ ਗਈ ਹੈ। ਉਸ ਨੂੰ ਸਾਰੀ ਉਮਰ ਅਮਰੀਕਾ 'ਚ ਦਾਖਲ ਹੋਣ ਦੀ ਮਨਾਹੀ ਹੋ ਗਈ ਹੈ। 
ਉਸ ਨੇ ਦੱਸਿਆ ਕਿ ਉਹ 4 ਘੰਟਿਆਂ ਤਕ ਉਡੀਕ ਕਰਦਾ ਰਿਹਾ ਕਿ ਉਸ ਨੂੰ ਅਮਰੀਕੀ ਸਰਹੱਦ 'ਚ ਦਾਖਲ ਹੋਣ ਦੀ ਇਜਾਜ਼ਤ ਮਿਲ ਸਕੇ ਪਰ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਮਿਲ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰ ਵੀ ਕਈ ਅਜਿਹੇ ਕੇਸ ਦੇਖਣ ਨੂੰ ਮਿਲੇ ਹਨ ਅਤੇ ਅਮਰੀਕਾ ਸਖਤਾਈ ਨਾਲ ਇਹ ਕਦਮ ਚੁੱਕ ਰਿਹਾ ਹੈ।