ਕੈਨੇਡਾ-ਅਮਰੀਕਾ ਦੀ ਸਰਹੱਦ ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਲਈ ਬੁਰੀ ਖ਼ਬਰ

06/14/2021 9:17:51 PM

ਓਟਾਵਾ- ਕੈਨੇਡਾ-ਅਮਰੀਕਾ ਦੀ ਸਰਹੱਦ ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਲਈ ਝਟਕਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਜੀ-7 ਸੰਮੇਲਨ ਲਈ ਇੰਗਲੈਡ ਵਿਚ ਸ਼ਿਰਕਤ ਦੌਰਾਨ ਸਰਹੱਦ ਖੋਲ੍ਹਣ ਬਾਰੇ ਗੱਲ ਕੀਤੀ ਪਰ ਇਸ 'ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ ਜੀ-7 ਸੰਮੇਲਨ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ. ਐੱਮ. ਜਸਟਿਨ ਟਰੂਡੋ ਨੇ ਕਿਹਾ ਕਿ ਜ਼ਮੀਨੀ ਸਰਹੱਦ ਰਾਹੀਂ ਬੇਰੋਕ ਆਵਾਜਾਈ ਖੋਲ੍ਹਣ ਦੇ ਮਾਮਲੇ ’ਤੇ ਗੱਲਬਾਤ ਜਾਰੀ ਰਹੇਗੀ ਪਰ ਪਹਿਲਾਂ ਕੈਨੇਡਾ ਵਾਸੀਆਂ ਦੀ ਸੁਰੱਖਿਆ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੋਰੋਨਾ ਟੀਕਿਆਂ ਜ਼ਰੀਏ ਹੀ ਮਹਾਮਾਰੀ ’ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਕੈਨੇਡਾ ਵਾਸੀਆਂ ਦੀ ਸਿਹਤ ਸੁਰੱਖਿਆ ਹਮੇਸ਼ਾ ਲਿਬਰਲ ਸਰਕਾਰ ਦੀ ਪਹਿਲੀ ਤਰਜੀਹ ਰਹੀ ਹੈ ਅਤੇ ਜੂਨ-ਜੁਲਾਈ ਵਿਚ ਮਿਲਣ ਵਾਲੇ ਲੱਖਾਂ ਟੀਕਿਆਂ ਦੀ ਬਦੌਲਤ ਅਸੀਂ ਕੋਰੋਨਾ ਦਾ ਲੱਕ ਤੋੜਨ ਵਿਚ ਸਫ਼ਲ ਹੋਵਾਂਗੇ। ਗੌਰਤਲਬ ਹੈ ਕਿ ਮਹਾਮਾਰੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਲਾਗੂ ਮੌਜੂਦਾ ਸਰਹੱਦੀ ਪਾਬੰਦੀਆਂ ਦੀ ਹੱਦ 21 ਜੂਨ ਨੂੰ ਖ਼ਤਮ ਹੋਣ ਵਾਲੀ ਸੀ। ਮੌਜੂਦਾ ਸਮੇਂ ਦੋਹਾਂ ਦੇਸ਼ਾਂ ਦੀ ਸਰਹੱਦ ਬੰਦ ਹੈ ਪਰ ਜ਼ਰੂਰੀ ਚੀਜ਼ਾਂ ਦੇ ਢੋਆ-ਢੁਆਈ ਤੋਂ ਇਲਾਵਾ ਕੈਨੇਡੀਅਨ ਨਾਗਰਿਕਾਂ ਜਾਂ ਪੱਕੇ ਨਾਗਿਰਕਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਹੈ। ਇਸ ਤੋਂ ਪਹਿਲਾਂ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਪੂਰੀ ਤਰਾਂ ਟੀਕੇ ਲੁਆ ਚੁੱਕੇ ਲੋਕਾਂ ਲਈ ਯਾਤਰਾ ਪਾਬੰਦੀਆਂ ਨੂੰ ਘੱਟ ਕਰਨ ਲਈ ਕਦਮ ਚੁੱਕਣਾ ਸ਼ੁਰੂ ਕਰ ਦੇਵੇਗਾ। ਹਾਲਾਂਕਿ, ਉਨ੍ਹਾਂ ਨੇ ਇਸ ਦੀ ਕੋਈ ਸਮਾਂ ਸੀਮਾ ਨਹੀਂ ਦੱਸੀ ਸੀ।

Sanjeev

This news is Content Editor Sanjeev