'ਰੈਫਰੈਂਡਮ 2020' ਨੂੰ ਮਾਨਤਾ ਨਹੀਂ ਦੇਵੇਗੀ ਕੈਨੇਡਾ ਦੀ ਟਰੂਡੋ ਸਰਕਾਰ

07/25/2020 11:43:41 AM

ਓਟਾਵਾ-  ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਖ਼ਾਲਿਸਤਾਨ ਸਮਰਥਕ ਸਿੱਖ-ਫਾਰ ਜਸਟਿਸ (ਐੱਸ.ਐੱਫ.ਜੇ.) ਵਲੋਂ ਕਰਵਾਏ ਜਾ ਰਹੇ ਪੰਜਾਬ 2020 ਰੈਫਰੈਂਡਮ ਦੇ ਨਤੀਜਿਆਂ ਨੂੰ ਮਾਨਤਾ ਨਹੀਂ ਦੇਵੇਗੀ। ਹਿੰਦੁਸਤਾਨ ਟਾਈਮਜ਼ ਨੂੰ ਕੈਨੇਡਾ ਵਲੋਂ ਭੇਜੇ ਇਕ ਬਿਆਨ ਵਿਚ ਇਸ ਸਥਿਤੀ ਨੂੰ ਪਹਿਲੀ ਵਾਰ ਸਪੱਸ਼ਟ ਕੀਤਾ ਗਿਆ ਹੈ।

ਕੈਨੇਡਾ ਦੇ ਵਿਦੇਸ਼ ਮਹਿਕਮੇ ਦੇ ਇਕ ਬੁਲਾਰੇ ਨੇ ਨਵੰਬਰ ਮਹੀਨੇ ਹੋਣ ਵਾਲੇ ਜਨਮਤ ਸੰਗ੍ਰਹਿ ਬਾਰੇ ਕੈਨੇਡੀਅਨ ਸਰਕਾਰ ਦੇ ਰੁਖ਼ ਬਾਰੇ ਹਿੰਦੁਸਤਾਨ ਟਾਈਮਜ਼ ਦੇ ਸਵਾਲਾਂ ਦੇ ਈ-ਮੇਲ ਜਵਾਬ ਵਿਚ ਕਿਹਾ,"ਕੈਨੇਡਾ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ। ਕੈਨੇਡਾ ਸਰਕਾਰ ਰੈਫਰੈਂਡਮ ਨੂੰ ਮਾਨਤਾ ਨਹੀਂ ਦੇਵੇਗੀ।"

ਬੁਲਾਰੇ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਦੁਵੱਲੇ ਸਬੰਧ ਕੈਨੇਡਾ ਸਰਕਾਰ ਦੀ ਪਹਿਲੀ ਤਰਜੀਹ ਹੈ। ਭਾਰਤੀ ਅਧਿਕਾਰੀ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਹਾਲਾਂਕਿ ਇਕ ਨੇ ਇਸ ਨੂੰ ਮਹੱਤਵਪੂਰਣ ਦੱਸਿਆ। 

ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੇ ਕੈਨੇਡਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ 'ਤੇ ਭਾਰਤ ਨੇ ਕੈਨੇਡਾ ਨੂੰ ਦੋ-ਟੁੱਕ ਸ਼ਬਦਾਂ ਵਿਚ ਸਾਫ ਕਰ ਦਿੱਤਾ ਸੀ ਕਿ ਖਾਲਿਸਤਾਨ ਦਾ ਮੁੱਦਾ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ 'ਤੇ ਅਸਰ ਪਾ ਰਿਹਾ ਹੈ ਅਤੇ ਭਾਰਤ ਹੁਣ ਕੈਨੇਡਾ ਤੋਂ ਇਸ ਮਾਮਲੇ ਵਿਚ ਸਹੀ ਕਦਮ ਚੁੱਕਣ ਦੀ ਉਮੀਦ ਕਰਦਾ ਹੈ। ਇਸ ਸਬੰਧੀ ਕੈਨੇਡਾ ਡਿਪਲੋਮੈਟਿਕ ਪੱਧਰ 'ਤੇ ਭਾਰਤ ਨੂੰ ਹੁਣ ਤੱਕ ਭਰੋਸਾ ਦਿੰਦਾ ਆ ਰਿਹਾ ਸੀ ਅਤੇ ਹੁਣ ਪਹਿਲੀ ਵਾਰ ਕੈਨੇਡਾ ਨੇ ਵੱਡਾ ਬਿਆਨ ਦਿੱਤਾ ਹੈ। 

Lalita Mam

This news is Content Editor Lalita Mam