ਕੈਨੇਡਾ ''ਚ ਕੋਰੋਨਾ ਕਾਰਣ ਮੌਤਾਂ ਦਾ ਅੰਕੜਾ 7,000 ਪਾਰ

05/31/2020 1:47:45 AM

ਕਿਊਬਿਕ ਸਿਟੀ- ਕੋਰੋਨਾ ਵਾਇਰਸ ਜਿਥੇ ਦੁਨੀਆ ਭਰ ਵਿਚ 3.69 ਲੱਖ ਲੋਕਾਂ ਦੀ ਜਾਨ ਲੈ ਚੁੱਕਾ ਹੈ ਉਥੇ ਹੀ ਕੈਨੇਡਾ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਮੌਤਾਂ ਦਾ ਅੰਕੜਾ 7 ਹਜ਼ਾਰ ਦੀ ਗਿਣਤੀ ਪਾਰ ਕਰ ਗਿਆ ਹੈ। ਇਸ ਦੀ ਜਾਣਕਾਰੀ ਕੈਨੇਡਾ ਦੇ ਪਬਲਿਕ ਹੈਲਥ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੈਨੇਡਾ ਦੇ ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਸੂਬੇ ਕਿਊਬਿਕ ਵਿਚ ਬੀਤੇ 24 ਘੰਟਿਆਂ ਵਿਚ 76 ਲੋਕਾਂ ਦੀ ਮੌਤ ਨਾਲ ਦੇਸ਼ ਵਿਚ ਮੌਤਾਂ ਦਾ ਅੰਕੜਾ 7,073 'ਤੇ ਪਹੁੰਚ ਗਿਆ ਹੈ। ਸੂਬੇ ਵਿਚ 419 ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਵਾਇਰਸ ਦੇ ਮਾਮਲੇ 90,000 ਤੋਂ ਵਧੇਰੇ ਹੋ ਗਏ ਹਨ। ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦਾ ਕਿਊਬਿਕ ਸੂਬਾ ਇਸ ਵਾਇਰਸ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਚ ਹੋਇਆ ਹੈ। canada.ca ਮੁਤਾਬਕ ਇਕੱਲੇ ਕਿਊਬਿਕ ਵਿਚ ਹੀ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਵਧੇਰੇ ਮਾਮਲੇ ਹਨ ਤੇ 4,363 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ 17 ਲੱਖ ਤੋਂ ਵਧੇਰੇ ਲੋਕਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ। 

ਬੀਤੇ ਮਹੀਨੇ ਕੈਨੇਡੀਅਨ ਫੋਰਸਾਂ ਨੂੰ ਸਥਾਨਕ ਵਸਨੀਕਾਂ ਦੀ ਮਦਦ ਤੇ ਦੇਖਭਾਲ ਲਈ ਓਨਟਾਰੀਓ ਤੇ ਕਿਊਬਿਕ ਵਿਚ ਤਾਇਨਾਤ ਕੀਤਾ ਗਿਆ ਸੀ। ਮੌਤਾਂ ਤੇ ਕੇਸਾਂ ਦੀ ਗਿਣਤੀ ਵਧਣ ਦੇ ਬਾਵਜੂਦ, ਬਹੁਤੇ ਸੂਬਿਆਂ ਵਿਚ ਵਾਇਰਸ ਫੈਲਣ ਦੀ ਰਫਤਾਰ ਹੌਲੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਕਈਆਂ ਨੇ ਹਾਲ ਹੀ ਦੇ ਹਫਤਿਆਂ ਵਿਚ ਆਪਣੇ ਕਾਰੋਬਾਰ ਮੁੜ ਤੋਂ ਖੋਲ੍ਹਣ ਲਈ ਹੌਲੀ-ਹੌਲੀ ਕਦਮ ਚੁੱਕੇ ਹਨ।

Baljit Singh

This news is Content Editor Baljit Singh