ਕੈਨੇਡਾ ਦੇ ''ਸਮਰ ਜੌਬ ਪ੍ਰੋਗਰਾਮ'' ਲਈ ਅਪਲਾਈ ਕਰਨ ਦਾ ਸਮਾਂ ਵਧਿਆ, ਜਿਹੜੇ ਰਹਿ ਗਏ ਕਰ ਸਕਦੇ ਨੇ ਅਪਲਾਈ

01/21/2017 5:14:45 PM

ਟੋਰਾਂਟੋ— ਕੈਨੇਡਾ ਦੇ ''ਸਮਰ ਜੌਬ ਪ੍ਰੋਗਰਾਮ-2017'' ਲਈ ਅਪਲਾਈ ਕਰਨ ਦਾ ਸਮਾਂ ਵਧ ਗਿਆ ਹੈ। ਰੁਜ਼ਗਾਰ ਬਾਰੇ ਮੰਤਰੀ ਪੈਟੀ ਹਾਜਡੂ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਕੈਨੇਡਾ ਦੇ ਸਮਰ ਜੌਬ ਪ੍ਰੋਗਰਾਮ ਲਈ ਅਪਲਾਈ ਕਰਨ ਦਾ ਸਮਾਂ ਵਧਾ ਕੇ ਹੁਣ 3 ਫਰਵਰੀ ਤੱਕ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਇਸ ਪ੍ਰੋਗਰਾਮ ਲਈ ਅਪਲਾਈ ਨਹੀਂ ਕੀਤਾ ਹੈ, ਉਹ ਹੁਣ ਅਪਲਾਈ ਕਰ ਸਕਦੇ ਹਨ। ਇਸ ਪ੍ਰੋਗਰਾਮ ਅਧੀਨ ਲਘੂ ਉਦਯੋਗ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਪਬਲਿਕ ਸੈਕਟਰ ਦੇ ਲੋਕ ਅਪਲਾਈ ਕਰ ਸਕਦੇ ਹਨ। ਇਹ ਪ੍ਰੋਗਰਾਮ ਅਜਿਹੇ ਲੋਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਵਿਦਿਆਰਥੀਆਂ ਅਤੇ ਪਰਵਾਸੀਆਂ ਨੂੰ ਕੰਮ ''ਤੇ ਰੱਖਣ ਲਈ ਉਤਸ਼ਾਹਤ ਕਰਦਾ ਹੈ। ਇਹ ਪ੍ਰੋਗਰਾਮ ਖਾਸ ਤੌਰ ''ਤੇ ਗਰਮੀਆਂ ਦੀਆਂ ਛੁੱਟੀਆਂ ਲਈ ਬਣਾਇਆ ਗਿਆ ਹੈ, ਤਾਂ ਜੋ ਇਸ ਸਮੇਂ ਦੌਰਾਨ ਵਿਦਿਆਰਥੀ ਅਤੇ ਪਰਵਾਸੀ ਕੁਝ ਸਮੇਂ ਲਈ ਰੁਜ਼ਗਾਰ ਹਾਸਲ ਕਰਕੇ ਕੁਝ ਕਮਾਈ ਕਰ ਸਕਣ। ਇਸ ਅਧੀਨ ਖਾਸ ਤੌਰ ''ਤੇ 15 ਤੋਂ 30 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਲਾਭ ਮਿਲਦਾ ਹੈ। 
ਇਸ ਯੋਜਨਾ ਦਾ ਮਕਸਦ ਵਿਦਿਆਰਥੀਆਂ ਦੀਆਂ ਨਵੀਆਂ ਯੋਜਨਾਵਾਂ ਅਤੇ ਆਈਡੀਆਜ਼ ਦਾ ਲਾਭ ਲੈਣਾ ਵੀ ਹੁੰਦਾ ਹੈ। ਪੈਟੀ ਨੇ ਕਿਹਾ ਕਿ ਇਹ ਵਿਦਿਆਰਥੀ ਕੰਮ ਕਰਨ ਵਾਲੀਆਂ ਥਾਵਾਂ ''ਤੇ ਨਵੀ ਊਰਜਾ ਅਤੇ ਸੋਚ ਲੈ ਕੇ ਆਉਂਦੇ ਹਨ, ਜਿਸ ਨਾਲ ਦੋਹਾਂ ਪੱਖਾਂ ਨੂੰ ਲਾਭ ਹੁੰਦਾ ਹੈ। ਵਿਦਿਆਰਥੀਆਂ ਨੂੰ ਕੰਮ ''ਤੇ ਰੱਖਣ ਵਾਲੇ ਉਦਯੋਗਪਤੀਆਂ ਨੂੰ ਇਸ ਬਦਲੇ ਸਰਕਾਰ ਵੱਲੋਂ ਫੰਡ ਮਿਲੇਗਾ। ਪੈਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਪ੍ਰੋਗਰਾਮ ਲਈ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਉਹ ਇਸ ਆਖਰੀ ਮੌਕੇ ਦਾ ਲਾਭ ਲੈ ਸਕਦੇ ਹਨ।

Kulvinder Mahi

This news is News Editor Kulvinder Mahi