ਕੋਰੋਨਾ ਵੈਕਸੀਨ ਨੂੰ ਲੈ ਕੇ ਵਿਰੋਧੀ ਧਿਰ ਦੇ ਸਵਾਲਾਂ ''ਚ ਘਿਰੀ ਕੈਨੇਡਾ ਸਰਕਾਰ

11/26/2020 11:34:30 AM

ਓਟਾਵਾ- ਕੈਨੇਡਾ ਸਰਕਾਰ ਜਨਵਰੀ 2021 ਦੀ ਉਡੀਕ ਕਰ ਰਹੀ ਹੈ ਜਦ ਕੈਨੇਡਾ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲੱਗੇਗਾ। ਹਾਲਾਂਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਇਸ ਗੱਲ 'ਤੇ ਘੇਰਿਆ ਹੈ ਕਿ ਕੈਨੇਡਾ ਨੂੰ ਇੰਨੀ ਦੇਰ ਬਾਅਦ ਟੀਕਾ ਕਿਉਂ ਮਿਲੇਗਾ। ਇਹ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੈਨੇਡਾ ਨੇ ਆਪ ਕੋਰੋਨਾ ਟੀਕਾ ਕਿਉਂ ਨਹੀਂ ਬਣਾਇਆ।

ਜਨਵਰੀ 2021 ਵਿਚ ਭਾਵ ਅਗਲੇ ਸਾਲ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਦਾ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮਿਲਣਾ ਸ਼ੁਰੂ ਹੋ ਜਾਵੇਗਾ। ਕੈਨੇਡਾ ਲਈ ਕਵੀਨਜ਼ ਦੀ ਪ੍ਰੀਵੀ ਕੌਂਸਲ ਅਤੇ ਅੰਤਰ-ਸਰਕਾਰੀ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਕੈਨੇਡਾ ਨੇ ਵੈਕਸੀਨ ਖਰੀਦਣ ਲਈ ਸੌਦਾ ਕਰ ਲਿਆ ਹੈ ਤੇ ਜਲਦੀ ਹੀ ਇਹ ਕੈਨੇਡਾ ਨੂੰ ਮਿਲੇਗਾ। ਕੈਨੇਡਾ ਸਮੇਂ ਦੇ ਨਾਲ-ਨਾਲ ਹੋਰ ਵੈਕਸੀਨ ਖਰੀਦਦਾ ਰਹੇਗਾ। ਸਾਨੂੰ ਲੱਖਾਂ ਵੈਕਸੀਨ ਮਿਲਣ ਜਾ ਰਹੇ ਹਨ ਤੇ ਅਸੀਂ ਜਲਦੀ ਹੀ ਇਹ ਲੋਕਾਂ ਤੱਕ ਪਹੁੰਚਾ ਦੇਵਾਂਗੇ। 

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਓਂਟਾਰੀਓ ਨੇ ਵੈਕਸੀਨ ਵੰਡਣ ਲਈ ਟਾਸਕ ਫੋਰਸ ਤਿਆਰ ਕਰ ਲਈ ਹੈ ਜੋ ਸਿਹਤ ਕਾਮਿਆਂ ਦੀ ਮਦਦ ਕਰੇਗੀ ਕਿ ਟੀਕਾ ਹਰ ਖੇਤਰ ਵਿਚ ਪਹੁੰਚਾਇਆ ਜਾ ਸਕੇ। ਕੈਨੇਡਾ ਨੇ ਫਾਈਜ਼ਰ, ਮੋਡੇਰਨਾ ਅਤੇ ਐਸਟਰਾਜ਼ੈਨੇਕਾ ਵੈਕਸੀਨ ਖਰੀਦ ਲਏ ਹਨ। ਪਬਲਿਕ ਸਿਹਤ ਏਜੰਸੀ ਕੈਨੇਡਾ ਮੁਤਾਬਕ ਕੈਨੇਡਾ ਨੂੰ ਮਾਰਚ ਤੱਕ ਫਾਈਜ਼ਰ ਦੀਆਂ 4 ਮਿਲੀਅਨ ਅਤੇ ਮੋਡੇਰਨਾ ਦੀਆਂ 2 ਮਿਲੀਅਨ ਖੁਰਾਕਾਂ ਪੁੱਜ ਜਾਣਗੀਆਂ। 
 

Lalita Mam

This news is Content Editor Lalita Mam