8 ਲੱਖ ਲੋਕਾਂ ਨੂੰ ਡਿਪੋਰਟ ਕਰਨਾ ਅਮਰੀਕਾ ਲਈ ਘਾਟਾ ਪਰ ਕੈਨੇਡਾ ਲਈ ਫਾਇਦੇਮੰਦ!

09/06/2017 2:48:40 PM

ਓਨਟਾਰੀਓ—  ਡੋਨਾਲਡ ਟਰੰਪ ਵਲੋਂ ਜਿਨ੍ਹਾਂ ਨੌਜਵਾਨਾਂ ਦਾ ਵਰਕ ਪਰਮਿਟ ਰੱਦ ਕਰਕੇ ਉਨ੍ਹਾਂ ਨੂੰ ਅਮਰੀਕਾ 'ਚੋਂ ਕੱਢਿਆ ਜਾਵੇਗਾ ਉਹ ਕੈਨੇਡਾ ਲਈ ਲਾਭਦਾਇਕ ਸਿੱਧ ਹੋ ਸਕਦੇ ਹਨ। ਓਨਟਾਰੀਓ ਦੀ ਇੰਡੀਪੈਨਡੈਂਟ ਸੈਨੇਟਰ ਰਤਨ ਓਮੀਦਵਰ ਦਾ ਕਹਿਣਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਹ ਸਭ ਪੜ੍ਹੇ ਲਿਖੇ, ਅੰਗਰੇਜ਼ੀ ਬੋਲਣ ਵਾਲੇ, ਕਿਸੇ ਅਪਰਾਧਕ ਰਿਕਾਰਡ ਤੋਂ ਬਚੇ ਹੋਏ ਹਨ। ਇਸ ਕਾਰਨ ਉਨ੍ਹਾਂ ਦੇ ਕੰਮ ਦਾ ਤਜ਼ਰਬਾ ਕੈਨੇਡਾ ਲਈ ਲਾਭਦਾਇਕ ਹੋਵੇਗਾ ਕਿਉਂਕਿ ਕੈਨੇਡਾ ਨੂੰ ਪੜ੍ਹੇ-ਲਿਖੇ ਅਤੇ ਹੋਣਹਾਰ ਲੋਕ ਮਿਲਣਗੇ। 
ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਬਹੁਤ ਸਾਰੇ ਨੌਜਵਾਨ ਵਧੀਆ ਯੂਨੀਵਰਸਿਟੀਆਂ 'ਚ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ 'ਤੇ ਟਰੰਪ ਦਾ ਇਹ ਫੈਸਲਾ ਅਮਰੀਕਾ ਲਈ ਘਾਟਾ ਅਤੇ ਕੈਨੇਡਾ ਲਈ ਵੱਡਾ ਫਾਇਦਾ ਹੈ। ਤੁਹਾਨੂੰ ਦੱਸ ਦਈਏ ਕਿ 8 ਲੱਖ ਲੋਕ ਬਚਪਨ 'ਚ ਬਿਨਾਂ ਕਿਸੇ ਗਲਤੀ ਦੇ ਅਮਰੀਕਾ 'ਚ ਚਲੇ ਗਏ ਸਨ, ਜਿਨ੍ਹਾਂ ਨੂੰ ਅਮਰੀਕਾ 'ਚ ਥਾਂ ਦੇਣ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੀ.ਏ.ਸੀ.ਏ. ਦੀ ਸਥਾਪਨਾ ਕੀਤੀ ਸੀ ਪਰ ਟਰੰਪ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ 8 ਲੱਖ ਲੋਕਾਂ 'ਚ 7000 ਭਾਰਤੀ ਨਾਗਰਿਕ ਵੀ ਹਨ।