ਪਹਿਲੀ ਆਲਮੀ ਜੰਗ ਮਗਰੋਂ 2018 ਦੌਰਾਨ ਕੈਨੇਡਾ ਪੁੱਜੇ ਸਭ ਤੋਂ ਵੱਧ ਪ੍ਰਵਾਸੀ

03/23/2019 1:24:16 AM

ਟੋਰਾਂਟੋ (ਵੈਬ ਡੈਸਕ)- 1913 ਵਿਚ 401,000 ਪ੍ਰਵਾਸੀਆਂ ਦੀ ਆਮਦ ਪਿੱਛੋਂ 2018 ਵਿਚ ਕੈਨੇਡਾ ਵਿਚ ਆਏ ਪ੍ਰਵਾਸੀਆਂ ਨੇ 105 ਸਾਲ ਪੁਰਾਣੇ ਰਿਕਾਰਡ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਦਾਜਿਆਂ ਮੁਤਾਬਕ ਪਿਛਲੇ ਸਾਲ (2018) ਵਿਚ 3ਲੱਖ 21 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ 'ਤੇ ਕਦਮ ਰੱਖਿਆ ਹੈ। ਪਹਿਲੀ ਆਲਮੀ ਜੰਗ ਮਗਰੋਂ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਇਹ ਅੰਕੜਾ ਸਭ ਤੋਂ ਵੱਧ ਹੈ।

ਅੰਕੜੇ ਕਹਿੰਦੇ ਹਨ ਕਿ 1913 ਵਿਚ 4,01,000 ਪ੍ਰਵਾਸੀ ਕੈਨੇਡਾ ਆਏ ਸਨ। ਇਨ੍ਹਾਂ ਪ੍ਰਵਾਸੀਆਂ ਦੀ ਆਮਦ ਰਾਹੀਂ ਮੁਲਕ ਦੀ ਆਬਾਦੀ ਵਧਾਉਣ ਵਿਚ ਸਹਾਇਤਾ ਮਿਲੀ ਸੀ। 2018 ਵਿਚ ਪ੍ਰਵਾਸੀਆਂ ਦੇ ਤੇਜ਼ ਆਮਦ ਸਦਕਾ ਕੈਨੇਡਾ ਦੀ ਕੁਲ ਆਬਾਦੀ ਵਿਚ 5,28,421 ਦਾ ਵਾਧਾ ਦਰਜ ਕੀਤਾ ਗਿਆ। ਫੀਸਦ ਦੇ ਹਿਸਾਬ ਨਾਲ ਪਿਛਲੇ ਸਾਲ ਕੈਨੇਡਾ ਦੀ ਆਬਾਦੀ ਵਿਚ 1.4 ਫ਼ੀਸਦ ਵਾਧਾ ਹੋਇਆ ਜੋ 1990 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਵਿਚ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਰਫ਼ਿਊਜੀ ਸ਼ਾਮਲ ਹਨ ਪਰ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਫਿਰ ਵੀ ਰਫ਼ਿਊਜੀਆਂ ਦਾ ਅਸਲ ਅੰਕੜਾ ਪੇਸ਼ ਨਹੀਂ ਕੀਤਾ ਗਿਆ। ਸਟੈਟਿਸਟਿਕਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਦੇ ਆਖ਼ਰੀ ਤਿੰਨ ਮਹੀਨੇ ਦੌਰਾਨ ਅੰਦਾਜ਼ਨ 71,131 ਪ੍ਰਵਾਸੀ ਕੈਨੇਡਾ ਪੁੱਜੇ। ਦੂਜੇ ਪਾਸੇ ਕੈਨੇਡਾ ਦੀ ਆਬਾਦੀ ਵਿਚ ਕੁਦਰਤੀ ਵਾਧੇ ਦਾ ਸਿਲਸਿਲਾ ਢਿੱਲਾ ਰਿਹਾ ਅਤੇ ਪਿਛਲੇ ਸਾਲ ਮੌਤਾਂ ਦੀ ਗਿਣਤੀ ਮਨਫ਼ੀ ਕਰਨ ਮਗਰੋਂ 2018 ਵਿਚ ਸਿਰਫ਼ 103,176 ਨਵੇਂ ਜੀਆਂ ਦੀ ਆਮਦ ਹੋਈ।

Arun chopra

This news is Content Editor Arun chopra