ਨਿਆਗਰਾ ਫਾਲਜ਼ ''ਤੇ ਦਿਖੇ ਤਿਰੰਗੇ ਦੇ ਰੰਗ, ਕੈਨੇਡਾ ''ਚ ਮਨਾਇਆ ਗਿਆ ਆਜ਼ਾਦੀ ਦਿਹਾੜਾ

08/16/2020 11:08:53 AM

ਓਟਾਵਾ- ਕੈਨੇਡਾ ਦੇ ਇਤਿਹਾਸ ਵਿਚ ਖਾਸ ਮਹੱਤਵ ਰੱਖਣ ਵਾਲੇ ਨਿਆਗਰਾ ਫਾਲਜ਼ 'ਤੇ ਭਾਰਤੀ ਤਿਰੰਗੇ ਦੇ ਰੰਗਾਂ ਨੂੰ ਪ੍ਰਕਾਸ਼ਤ ਕੀਤਾ ਗਿਆ ਅਤੇ ਕਈ ਸ਼ਹਿਰਾਂ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੇ ਕਾਰ ਰੈਲੀਆਂ ਕੱਢੀਆਂ। ਲੋਕਾਂ ਵਲੋਂ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਕੀਤੀ ਗਈ। ਪਾਣੀ 'ਤੇ ਤਿਰੰਗੇ ਦੇ ਰੰਗ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ।  

ਭਾਰਤ ਦੀ ਕੌਂਸਲ ਜਨਰਲ ਆਫ ਟੋਰਾਂਟੋ ਅਪੂਰਵਾ ਸ਼੍ਰੀਵਾਸਤਵ ਨੇ ਇੰਡੋ-ਕੈਨੇਡਾ ਆਰਟ ਕੌਂਸਲ ਦਾ ਪ੍ਰਬੰਧ ਕੀਤਾ ਅਤੇ ਨਿਆਗਰਾ ਫਾਲਜ਼ 'ਤੇ ਤਿਰੰਗਾ ਲਹਿਰਾਇਆ। ਟੋਰਾਂਟੋ ਸਿਟੀ ਹਾਲ ਵਿਚ ਤਿਰੰਗੇ ਦੀ ਸ਼ਾਨ ਦੇਖਦਿਆਂ ਹੀ ਬਣਦੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਭਾਰਤੀ-ਕੈਨੇਡੀਅਨ ਭਾਈਚਾਰੇ ਨੂੰ ਵਧਾਈ ਦਿੱਤੀ। ਆਪਣੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚ ਲੋਕਤੰਤਰ ਅਤੇ ਬਹੁਲਵਾਦ ਦੀਆਂ ਸਾਂਝੀਆਂ ਪਰੰਪਰਾਵਾਂ ਅਤੇ ਡੂੰਘੇ ਸੱਭਿਆਚਾਰਕ ਕਾਰਨ ਬਹੁਤ ਨੇੜਤਾ ਹੈ। 10 ਲੱਖ ਤੋਂ ਵੱਧ ਕੈਨੇਡੀਅਨ-ਭਾਰਤੀ ਭਾਈਚਾਰੇ ਨੇ ਸਾਡੇ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਇਆ ਹੈ।

 

ਓਂਟਾਰੀਓ ਤੇ ਅਲਬਰਟਾ ਦੇ ਮੁੱਖ ਮੰਤਰੀਆਂ ਨੇ ਭਾਰਤੀ ਭਾਈਚਾਰੇ ਨੂੰ ਇਸ ਖਾਸ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਇਲਾਵਾ ਭਾਰਤੀ ਮੂਲ ਦੇ ਨੇਤਾਵਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਰਾਸ਼ਟਰੀ ਗਾਨ ਵੀ ਗਾਇਆ ਤੇ ਤਿਰੰਗੇ ਦੀ ਸ਼ਾਨ ਬਾਰੇ ਵਿਚਾਰ ਸਾਂਝੇ ਕੀਤੇ।  ਓਟਾਵਾ ਦੇ ਹਾਈ ਕਮਿਸ਼ਨ ਵਿਖੇ ਰਾਜਦੂਤ ਅਜੇ ਬਿਸਾਰੀਆ ਅਤੇ ਟੋਰਾਂਟੋ ਅਤੇ ਵੈਨਕੂਵਰ ਦੇ ਕੌਂਸਲੇਟਾਂ ਵਿਚ ਵੀ ਤਿਰੰਗਾ ਲਹਿਰਾਇਆ ਗਿਆ। ਵੈਨਕੁਵਰ, ਬ੍ਰਿਟਿਸ਼ ਕੋਲੰਬੀਆ ਤੇ ਓਟਾਵਾ ਸਣੇ ਹੋਰ ਕਈ ਸ਼ਹਿਰਾਂ ਵਿਚ ਲੋਕ ਗੱਡੀਆਂ 'ਤੇ ਤਿਰੰਗਾ ਸਜਾ ਕੇ ਘੁੰਮਦੇ ਨਜ਼ਰ ਆਏ। 

Lalita Mam

This news is Content Editor Lalita Mam