ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਕੈਪਟਨ ਨਾਲ ਕਰ ਸਕਦੇ ਨੇ ਮੁਲਾਕਾਤ!

04/09/2017 5:12:20 PM

ਚੰਡੀਗੜ੍ਹ/ ਓਟਾਵਾ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਮਹੀਨੇ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪੰਜਾਬ ਅਤੇ ਚੰਡੀਗੜ੍ਹ ਵੀ ਆਉਣਗੇ। 19 ਅਪ੍ਰੈਲ ਤੋਂ 22 ਅਪ੍ਰੈਲ ਤੱਕ ਉਹ ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਲਈ ਕੈਨੇਡਾ ਹਾਈ ਕਮਿਸ਼ਨ ਦੀ ਇਕ ਟੀਮ ਅਤੇ ਸੰਘੀ ਸਰਕਾਰ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਦਾ ਦੌਰਾ ਕਰਕੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਇਸ ਟੀਮ ਨੇ ਪੰਜਾਬ ਦੇ ਅਧਿਕਾਰੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਮੁਲਾਕਾਤ ਕੀਤੀ। 
ਉਮੀਦ ਕੀਤੀ ਜਾ ਰਹੀ ਹੈ ਕਿ ਸੱਜਣ ਪੰਜਾਬ ਦੇ ਪ੍ਰਧਾਨ ਮੰਤਰੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਵੀ ਕਰ ਸਕਦੇ ਹਨ। ਹਰਜੀਤ ਸਿੰਘ ਸੱਜਣ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਹੋਇਆ ਸੀ। ਇੱਥੇ ਦੱਸ ਦੇਈਏ ਕਿ ਹਰਜੀਤ ਸਿੰਘ ਕੈਨੇਡਾ ਵਿਚ ਭਾਰਤੀ ਮੂਲ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਨ। ਉਹ ਸਾਲ 2017 ਵਿਚ ਭਾਰਤ ਦਾ ਦੌਰਾ ਕਰਨ ਵਾਲੇ ਪੰਜਵੇਂ ਕੈਨੇਡੀਅਨ ਮੰਤਰੀ ਹੋਣਗੇ।

Kulvinder Mahi

This news is News Editor Kulvinder Mahi