ਕੈਨੇਡਾ ਤੋਂ ਵੀ ਪਹਿਲਾਂ ਇਹ ਦੇਸ਼ ਮਨਾ ਰਿਹਾ ਸੀ ਇਸ ਦਾ ਜਨਮ ਦਿਨ, ਰੌਚਕ ਹੈ ਕਾਰਨ

07/02/2017 2:43:08 PM

ਟੋਰਾਂਟੋ/ਸਿਡਨੀ— ਕੈਨੇਡਾ ਦੇ 150ਵੇਂ ਵਰ੍ਹੇਗੰਢ ਨੂੰ ਮਨਾਉਣ ਲਈ ਵੱਡੀ ਗਿਣਤੀ 'ਚ ਲੋਕ ਪਾਰਲੀਮੈਂਟ ਹਿਲ 'ਚ ਪੁੱਜੇ ਸਨ। ਹਰ ਪਾਸੇ ਪਾਰਟੀਆਂ ਚੱਲ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਕੈਨੇਡਾ ਤੋਂ ਵੀ ਪਹਿਲਾਂ ਇਸ ਦੇ ਜਨਮ ਦਿਨ ਦੇ ਜਸ਼ਨ ਆਸਟਰੇਲੀਆ 'ਚ ਮਨਾਏ ਗਏ।

ਇਸ ਦਾ ਵੱਡਾ ਕਾਰਨ ਇਹ ਹੈ ਕਿ ਆਸਟਰੇਲੀਆ ਸਮੇਂ ਪੱਖੋਂ ਕੈਨੇਡਾ ਤੋਂ ਲਗਭਗ 13-14 ਘੰਟੇ ਅੱਗੇ ਹੈ। ਇਸ ਲਈ ਕੈਨੇਡੀਅਨਜ਼ ਦੇ ਉੱਠਣ ਤੋਂ ਪਹਿਲਾਂ ਆਸਟਰੇਲੀਅਨਜ਼ ਨੇ ਕੈਨੇਡਾ ਡੇਅ ਮਨਾਇਆ। 


ਇੱਥੇ 18 ਇਮਾਰਤਾਂ ਨੂੰ ਚਿੱਟੀਆਂ ਤੇ ਲਾਲ ਬੱਤੀਆਂ ਨਾਲ ਸਜਾਇਆ ਗਿਆ। ਸਿਡਨੀ ਟਾਊਨ ਹਾਲ, ਪਰਥ ਦਾ ਤਰਾਫਾਲਗਰ ਬ੍ਰਿਜ ਅਤੇ ਬ੍ਰਿਸਬੇਨ ਦਾ ਸਟੋਰੀ ਬ੍ਰਿਜ ਦੇਖਣਯੋਗ ਸਨ। ਆਸਟਰੇਲੀਆ ਤੋਂ ਇਲਾਵਾ ਇੰਗਲੈਂਡ 'ਚ ਵੀ ਕੈਨੇਡਾ ਡੇਅ ਦੇ ਜਸ਼ਨ ਮਨਾਏ ਗਏ। ਲੰਡਨ 'ਚ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਦੇ ਝੰਡੇ ਦੇ ਰੰਗ ਦੇ ਕੱਪੜੇ ਪਾ ਕੇ ਤੇ ਹੱਥਾਂ ਝੰਡੇ ਲੈ ਕੇ ਹਾਕੀ ਮੈਚ ਦਾ ਆਨੰਦ ਮਾਣਦੇ ਹੋਏ ਦੇਖਿਆ ਗਿਆ।


ਅਮਰੀਕਾ 'ਚ ਵੀ ਕੈਨੇਡਾ ਡੇਅ ਦੀ ਧੂਮ ਦੇਖਣ ਨੂੰ ਮਿਲੀ। ਵਾਸ਼ਿੰਗਟਨ 'ਚ ਕੈਨੇਡਾ ਦਾ ਝੰਡਾ ਝੂਲਦਾ ਦਿਖਾਈ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਖੁਸ਼ੀ ਦੇ ਮੌਕੇ ਦੀਆਂ ਵਧਾਈਆਂ ਟਵੀਟ ਕਰਕੇ ਦਿੱਤੀਆਂ। ਇਨ੍ਹਾਂ ਤੋਂ ਇਲਾਵਾ ਭਾਰਤ, ਆਇਰਲੈਂਡ, ਬ੍ਰਾਜ਼ੀਲ, ਤਨਜ਼ਾਨੀਆ ਤੇ ਸਕੋਟਲੈਂਡ ਵੱਲੋਂ ਵੀ ਕੈਨੇਡਾ ਨੂੰ ਵਧਾਈ ਸੰਦੇਸ਼ ਭੇਜੇ ਗਏ। ਕਿਊਬਾ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਜਿੱਥੇ ਘਰਾਂ 'ਚ ਕੈਨੇਡਾ ਦੇ ਝੰਡੇ ਲਗਾਏ ਗਏ ਸਨ।