ਕੈਨੇਡਾ : 24 ਘੰਟਿਆਂ ''ਚ 1800 ਤੋਂ ਵੱਧ ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ ਇੰਨੀ ਹੋਈ

10/04/2020 2:07:13 PM

ਓਟਾਵਾ- ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,812 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 52 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,64,302 ਹੋ ਗਈ ਹੈ ਤੇ 9,461 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਇਕ ਦਿਨ ਵਿਚ 2000 ਦੇ ਕਰੀਬ ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਖਬਰ ਆਉਣ ਨਾਲ ਮਾਹਰਾਂ ਦੀ ਚਿੰਤਾ ਵੱਧ ਗਈ ਹੈ। ਕੈਨੇਡਾਵਾਸੀ ਹਮੇਸ਼ਾ ਸ਼ੁਕਰ ਕਰ ਰਹੇ ਸਨ ਕਿ ਉਹ ਅਮਰੀਕਾ ਵਾਂਗ ਸਭ ਤੋਂ ਵੱਧ ਪ੍ਰਭਾਵਿਤ ਹੋਣ ਤੋਂ ਬਚ ਗਏ ਹਨ ਪਰ ਹੁਣ ਹੌਲੀ-ਹੌਲੀ ਕੈਨੇਡਾ ਵਿਚ ਵੀ ਕੋਰੋਨਾ ਭਿਆਨਕ ਰੂਪ ਲੈ ਰਿਹਾ ਹੈ। 

ਕੈਨੇਡਾ ਦੇ ਮੈਡੀਕਲ ਅਧਿਕਾਰੀ ਥੈਰੇਸਾ ਟਾਮ ਨੇ ਕਿਹਾ ਕਿ ਇਹ ਮਾਮਲੇ ਦੱਸ ਰਹੇ ਹਨ ਕਿ ਕੈਨੇਡਾ ਵਿਚ ਕੋਰੋਨਾ ਇਕ ਵਾਰ ਫਿਰ ਫੈਲ ਰਿਹਾ ਹੈ ਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਲੋਕ ਰੈਸਟੋਰੈਂਟਾਂ ਤੇ ਬਾਰਜ਼ ਵਿਚ ਘੁੰਮ ਰਹੇ ਹਨ ਤੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਵੀ ਤੋੜ ਰਹੇ ਹਨ। ਇਸੇ ਕਾਰਨ ਕੋਰੋਨਾ ਦੇ ਮਾਮਲੇ ਵਧ ਰਹੇ ਹਨ। 

ਹਾਲਾਂਕਿ 23 ਸਤੰਬਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਇਸ ਲਈ ਲੋਕਾਂ ਨੂੰ ਹੋਰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿਚ ਅਗਸਤ ਤੋਂ ਕੋਰੋਨਾ ਨੇ ਹੋਰ ਤੇਜ਼ੀ ਫੜੀ ਹੈ। ਅਗਸਤ ਵਿਚ ਜਿੱਥੇ ਇਕ ਦਿਨ ਵਿਚ 300 ਮਾਮਲੇ ਸਾਹਮਣੇ ਆ ਰਹੇ ਸਨ, ਉੱਥੇ ਹੀ ਸਤੰਬਰ ਵਿਚ 1200 ਤੋਂ ਵੱਧ ਮਾਮਲੇ ਆਉਣ ਲੱਗ ਗਏ ਤੇ ਅਕਤੂਬਰ ਵਿਚ ਤਾਂ ਇਹ ਦੋ ਹਜ਼ਾਰ ਦੇ ਕਰੀਬ ਹੀ ਪੁੱਜ ਗਏ। 

Lalita Mam

This news is Content Editor Lalita Mam