ਅਟਵਾਲ ਨੂੰ ਲੈ ਕੇ ਰਿਪੋਰਟ ''ਚ ਖੁਲਾਸਾ, ਜਸਟਿਨ ਟੂਰਡੋ ਦੀ ਵਧੇਗੀ ਮੁਸ਼ਕਲ!

12/05/2018 12:35:24 PM

ਓਟਾਵਾ(ਏਜੰਸੀ)— ਪਿੱਛੇ ਜਿਹੇ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਜਸਪਾਲ ਅਟਵਾਲ ਕਾਰਨ ਵਿਵਾਦਾਂ 'ਚ ਘਿਰੀ ਰਹੀ। ਇਸ ਕਾਰਨ ਦੋਹਾਂ ਦੇਸ਼ਾਂ ਦੇ ਰਿਸ਼ਤੇ 'ਚ ਤੱਲਖੀ ਵੀ ਪੈਦਾ ਹੋਈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਦਫਤਰ ਅਟਵਾਲ ਨੂੰ ਸੱਦਾ ਦੇਣ ਲਈ ਜ਼ਿੰਮੇਵਾਰ ਹੋ ਸਕਦਾ ਹੈ। ਇਸ ਸਾਲ ਫਰਵਰੀ ਮਹੀਨੇ ਜਦੋਂ ਕੈਨੇਡੀਅਨ ਪੀ. ਐੱਮ. ਜਸਟਿਨ ਟਰੂਡੋ ਭਾਰਤ ਦੌਰੇ 'ਤੇ ਆਏ ਤਾਂ ਅਟਵਾਲ ਨਾ ਸਿਰਫ ਮੁੰਬਈ 'ਚ ਟਰੂਡੋ ਦੇ ਡਿਨਰ ਸਮਾਰੋਹ 'ਚ ਸ਼ਾਮਲ ਹੋਇਆ ਸਗੋਂ ਉਸ ਨੂੰ ਅਧਿਕਾਰਕ ਤੌਰ 'ਤੇ ਟਰੂਡੋ ਦੇ ਸਵਾਗਤ 'ਚ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ 'ਚ ਹੋਣ ਵਾਲੀ ਪਾਰਟੀ ਲਈ ਵੀ ਸੱਦਾ ਭੇਜਿਆ ਗਿਆ ਸੀ ਪਰ ਵਿਵਾਦ ਹੋਣ 'ਤੇ ਸੱਦਾ ਰੱਦ ਕਰ ਦਿੱਤਾ ਗਿਆ ਸੀ।

ਇਹ ਸਾਰਾ ਖੁਲਾਸਾ ਸੰਸਦ ਮੈਂਬਰਾਂ ਦੀ ਕੌਮੀ ਸੁਰੱਖਿਆ ਅਤੇ ਖੁਫੀਆ ਕਮੇਟੀ (NSICOP) ਦੀ ਰਿਪੋਰਟ 'ਚ ਹੋਇਆ ਹੈ ਅਤੇ ਇਸ ਰਿਪੋਰਟ ਨੂੰ ਸੋਮਵਾਰ ਕੈਨੇਡਾ ਦੀ ਸੰਸਦ 'ਚ ਵੀ ਰੱਖਿਆ ਗਿਆ। 50 ਪੰਨਿਆਂ ਦੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿੱਲੀ 'ਚ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੇ ਦਿੱਲੀ ਅਤੇ ਮੁੰਬਈ 'ਚ ਰੱਖੇ ਗਏ ਪ੍ਰੋਗਰਾਮਾਂ ਦੇ ਸੱਦੇ ਲਈ ਮਹਿਮਾਨਾਂ ਦੀ ਲਿਸਟ ਤਿਆਰ ਕੀਤੀ ਸੀ ਅਤੇ ਇਹ ਲਿਸਟ ਪੀ. ਐੱਮ. ਓ. ਨੂੰ ਵੀ ਦਿੱਤੀ ਗਈ ਸੀ।

ਰਿਪੋਰਟ ਦਾ ਕਹਿਣਾ ਹੈ ਕਿ ਟਰੂਡੋ ਦੇ ਭਾਰਤ ਆਉਣ ਤੋਂ ਪਹਿਲਾਂ 10 ਫਰਵਰੀ ਨੂੰ ਪੀ. ਐੱਮ. ਦਫਤਰ ਨੇ 423 ਹੋਰ ਨਾਂ ਲਿਸਟ 'ਚ ਸ਼ਾਮਲ ਕੀਤੇ ਸਨ ਅਤੇ ਹਾਈ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਸੀ ਕਿ ਦੋਹਾਂ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਇਨ੍ਹਾਂ ਵਿਅਕਤੀਆਂ ਨੂੰ ਸੱਦੇ ਭੇਜੇ ਜਾਣ। ਰਿਪੋਰਟ ਮੁਤਾਬਕ ਇਸ ਲਿਸਟ 'ਚ ਜਸਪਾਲ ਅਟਵਾਲ ਦਾ ਨਾਮ ਵੀ ਸ਼ਾਮਲ ਸੀ। ਜ਼ਿਕਰਯੋਗ ਭਾਰਤ ਦੌਰੇ ਸਮੇਂ ਟਰੂਡੋ ਦੀ ਪਤਨੀ ਨਾਲ ਅਟਵਾਲ ਦੀ ਤਸਵੀਰ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਕਾਫੀ ਵਿਵਾਦ ਮਚਿਆ ਸੀ। ਰਿਪੋਰਟ 'ਚ ਹੋਏ ਖੁਲਾਸੇ ਬਾਅਦ ਕੈਨੇਡਾ ਦੀ ਰਾਜਨੀਤੀ ਗਰਮਾ ਸਕਦੀ ਹੈ। ਵਿਰੋਧੀ ਧਿਰਾਂ ਟਰੂਡੋ ਨੂੰ ਇਸ ਮਾਮਲੇ 'ਤੇ ਘੇਰ ਸਕਦੀਆਂ ਹਨ।