ਚੋਣਾਂ ਤੋਂ ਪਹਿਲਾਂ ਟਰੂਡੋ ਸਰਕਾਰ ਦੇਵੇਗੀ ਤੋਹਫਾ, ਪੱਕੇ ਤੌਰ ''ਤੇ ਸੱਦ ਸਕੋਗੇ ਮਾਪੇ

01/07/2019 2:57:50 PM

ਟੋਰਾਂਟੋ (ਏਜੰਸੀ)— ਕੈਨੇਡਾ 'ਚ ਅਕਤੂਬਰ 2019 ਨੂੰ ਸੰਘੀ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਮੱਦੇਨਜ਼ਰ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਪ੍ਰਵਾਸੀਆਂ ਨੂੰ ਖੁਸ਼ ਕਰਨ ਲਈ ਨਵੀਂਆਂ-ਨਵੀਂਆਂ ਪਾਲਸੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਢਿੱਲਾ ਕਰਨ ਜਾ ਰਹੀ ਹੈ ਤਾਂ ਕਿ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਨਾਗਰਿਕਾਂ ਨੂੰ ਛੋਟ ਮਿਲੇ ਕਿ ਉਹ ਆਪਣੇ ਮਾਂ-ਬਾਪ, ਦਾਦਾ-ਦਾਦੀ ਅਤੇ ਨਾਨਾ-ਨਾਨੀ (ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ / ਪੀ. ਜੀ. ਪੀ.) ਨੂੰ ਆਪਣੇ ਕੋਲ ਪੱਕੇ ਤੌਰ 'ਤੇ ਸੱਦ ਸਕਣ। ਕੈਨੇਡਾ ਜਲਦ ਹੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਨਾਲੋਂ ਵਧੇਰੇ ਗਿਣਤੀ 'ਚ ਮਾਪਿਆਂ ਨੂੰ ਵਿਸ਼ੇਸ਼ ਵੀਜ਼ੇ ਮਿਲਣਗੇ ਤੇ ਪੱਕੀ ਰਿਹਾਇਸ਼ ਭਾਵ ਪੀ. ਆਰ. ਵੀ ਮਿਲ ਸਕਦੀ ਹੈ।


ਰਫਿਊਜੀ ਅਤੇ ਸਿਟੀਜ਼ਨਸ਼ਿਪ ਦੇ ਸੰਘੀ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ 'ਚ ਰਹਿ ਰਹੇ ਨਾਗਰਿਕਾਂ/ਸਥਾਈ ਨਾਗਰਿਕਾਂ ਵਲੋਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਕੈਨੇਡਾ ਸੱਦਣ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਇਸੇ ਮਹੀਨੇ 'ਚ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕੈਨੇਡਾ ਆਉਣ 'ਚ ਪਹਿਲਾਂ ਲੱਗਦੇ 7-8 ਸਾਲ ਦੇ ਸਮੇਂ ਨੂੰ ਘਟਾ ਕੇ 2 ਸਾਲ ਤੱਕ ਲਿਆਂਦਾ ਗਿਆ ਹੈ, ਜੋ ਕਿ ਪ੍ਰਵਾਸੀਆਂ ਲਈ ਫਾਇਦੇਮੰਦ ਹੈ। ਇਸ ਸਾਲ 20,000 ਮਾਪੇ ਕੈਨੇਡਾ 'ਚ ਲਿਆਉਣ ਲਈ ਅਰਜ਼ੀਆਂ ਲਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਨਿਯਮ ਤਹਿਤ ਸਿਰਫ 5,000 ਅਰਜ਼ੀਆਂ ਹੀ ਲਈਆਂ ਜਾਂਦੀਆਂ ਸਨ ਪਰ ਪਿਛਲੇ ਸਾਲ 17,000 ਅਰਜ਼ੀਆਂ ਲਈਆਂ ਗਈਆਂ । ਇਸ ਸਾਲ ਤਾਂ ਪੂਰੇ 20,000 ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਆਉਣ ਦਾ ਮੌਕਾ ਮਿਲੇਗਾ। ਇਸ ਨੂੰ ਚੋਣਾਂ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਖੁਸ਼ ਕਰਨ ਲਈ ਚੁੱਕਿਆ ਗਿਆ ਕਦਮ ਮੰਨਿਆ ਜਾ ਸਕਦਾ ਹੈ ਕਿਉਂਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ, ਜੋ ਇੱਥੋਂ ਦੀ ਰਾਜਨੀਤੀ 'ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।