ਕੈਨੇਡਾ ''ਚ ਨਵੰਬਰ ਨੂੰ ''ਹਿੰਦੂ ਵਿਰਾਸਤੀ ਮਹੀਨੇ'' ਵਜੋਂ ਐਲਾਨਣ ਲਈ ਮਤਾ ਪੇਸ਼

02/17/2018 11:39:22 AM

ਓਨਟਾਰੀਓ— ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ, ਜਿਨ੍ਹਾਂ 'ਚੋਂ ਸਭ ਤੋਂ ਵਧ ਹਿੰਦੂ ਓਨਟਾਰੀਓ ਸੂਬੇ 'ਚ ਰਹਿੰਦੇ ਹਨ। ਇਸੇ ਲਈ ਸੂਬੇ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਹਿੰਦੂਆਂ ਲਈ ਇਕ ਵਿਸ਼ੇਸ਼ ਤੋਹਫੇ ਅਤੇ ਸਨਮਾਨ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਪਾਰਲੀਮੈਂਟ 'ਚ ਮਤਾ ਪੇਸ਼ ਕੀਤਾ ਹੈ ਕਿ ਨਵੰਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਐਲਾਨਿਆ ਜਾਵੇ। ਇਸ ਮਹੀਨੇ 'ਚ ਹੀ ਹਿੰਦੂਆਂ ਦੇ ਵਧੇਰੇ ਤਿਉਹਾਰ ਆਉਂਦੇ ਹਨ। ਇਸ ਮਤੇ ਦੇ ਪੇਸ਼ ਹੋਣ ਨਾਲ ਕੈਨੇਡਾ, ਭਾਰਤ ਅਤੇ ਹੋਰ ਦੇਸ਼ਾਂ 'ਚ ਰਹਿੰਦੇ ਹਿੰਦੂ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ।

ਰਾਜ ਗਰੇਵਾਲ ਨੇ ਕਿਹਾ,'' ਬਰੈਂਪਟਨ ਈਸਟ 'ਚ ਪੂਰੇ ਕੈਨੇਡਾ ਤੋਂ ਵਧੇਰੇ ਹਰ ਧਰਮ ਅਤੇ ਭਾਈਚਾਰੇ ਦੇ ਲੋਕ ਰਹਿੰਦੇ ਹਨ।  ਨਵੰਬਰ ਮਹੀਨੇ ਨੂੰ 'ਹਿੰਦੂ ਹੈਰੀਟੇਜ ਮੰਥ' ਐਲਾਨਣ ਲਈ ਮੇਰੇ ਵੱਲੋਂ ਪੇਸ਼ ਕੀਤੇ ਮਤੇ ਐੱਮ-159 'ਤੇ ਮੈਨੂੰ ਮਾਣ ਹੈ।'' ਉਨ੍ਹਾਂ ਕਿਹਾ ਕਿ ਵਿਰਾਸਤੀ ਮਹੀਨੇ ਇਸ ਲਈ ਖਾਸ ਹੁੰਦੇ ਹਨ ਕਿਉਂਕਿ ਇਹ ਭਾਇਚਾਰਿਆਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦੇ ਜਸ਼ਨਾਂ ਨੂੰ ਮਨਾਉਣ ਦਾ ਮੌਕਾ ਦਿੰਦੇ ਹਨ। ਇਸੇ ਲਈ ਸਿੱਖ ਹੈਰੀਟੇਜ ਮੰਥ ਦੀ ਵੀ ਮੰਗ ਕੀਤੀ ਗਈ ਸੀ ਅਤੇ ਹੁਣ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤੀ ਮਹੀਨੇ' ਵਜੋਂ ਮਨਾਇਆ ਜਾਂਦਾ ਹੈ।