ਕੈਨੇਡਾ : ਦੋ ਮਹੀਨੇ ਦਾ ਲਾਪਤਾ ਮਾਸੂਮ ਅਜੀਬੋ-ਗਰੀਬ ਢੰਗ ਨਾਲ ਲੱਭਾ

12/03/2018 12:30:51 PM

ਟੋਰਾਂਟੋ (ਬਿਊਰੋ)— ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਉੱਤਰੀ ਹਿੱਸੇ ਵਿਚ ਐਤਵਾਰ ਰਾਤ ਇਕ ਮਿਨੀਵੈਨ ਚੋਰੀ ਹੋ ਗਈ। ਚਿੰਤਾ ਦੀ ਗੱਲ ਇਹ ਸੀ ਕਿ ਇਸ ਵਿਚ ਦੋ ਮਹੀਨੇ ਦਾ ਬੱਚਾ ਵੀ ਸੀ। ਕੈਨੇਡੀਅਨ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਬੱਚੇ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਮੌਕੇ 'ਤੇ ਉਨ੍ਹਾਂ ਨੂੰ ਇਕ ਭੂਰੀ 2005 ਟੋਯੋਟਾ ਸਿਨੇਨਾ ਗੱਡੀ ਵੀ ਮਿਲੀ। 

ਪੁਲਸ ਨੇ ਦੱਸਿਆ ਕਿ ਇਸਲਿੰਗਟਨ ਅਤੇ ਸਟੀਲਜ਼ ਐਵੀਨਿਊ ਦੇ ਖੇਤਰ ਵਿਚ ਇਟਾਲੀਅਨ ਗਾਰਡਨਜ਼ ਪਲਾਜ਼ਾ ਤੋਂ ਮਿਨੀਵੈਨ ਚੋਰੀ ਹੋ ਗਈ ਸੀ। ਬੱਚੇ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੇ ਖੇਤਰ ਦੀ ਤਲਾਸ਼ੀ ਲਈ। ਪੁਲਸ ਦਾ ਕਹਿਣਾ ਹੈ ਕਿ ਇਕ ਨਾਗਰਿਕ ਨੇ ਇਹ ਮਿਨੀਵੈਨ ਦੇਖੀ। ਇਹ ਖਾਲੀ ਸੀ ਤੇ ਇਸ ਦੇ ਅੰਦਰ ਸਿਰਫ ਬੱਚਾ ਸੀ। ਉਸ ਨੇ ਤੁਰੰਤ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਬੱਚੇ ਅਤੇ ਗੱਡੀ ਨੂੰ ਆਪਣੀ ਸੁਰੱਖਿਆ ਵਿਚ ਲੈ ਲਿਆ। 

ਬੱਚੇ ਦਾ ਐਮਰਜੈਂਸੀ ਮੈਡੀਕਲ ਮੁਲਾਂਕਣ ਕਰਨ ਮਗਰੋਂ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਪੁਲਸ ਦਾ ਮੰਨਣਾ ਹੈ ਕਿ ਚੋਰ ਨੂੰ ਪਤਾ ਨਹੀਂ ਸੀ ਕਿ ਕਾਰ ਵਿਚ ਬੱਚਾ ਸੀ। ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਫਿਲਹਾਲ ਇਸ ਮਾਮਲੇ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਉਨ੍ਹਾਂ ਸਾਹਮਣੇ ਦੋ ਕ੍ਰਾਈਮ ਸੀਨ ਹਨ ਪਹਿਲਾਂ ਉਹ ਜਿੱਥੋਂ ਮਿਨੀਵੈਨ ਚੋਰੀ ਹੋਈ ਸੀ ਦੂਜਾ ਜਿੱਥੇ ਉਸ ਨੂੰ ਪਾਇਆ ਗਿਆ।

Vandana

This news is Content Editor Vandana