ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਨਹੀਂ ਬਣ ਸਕਿਆ ਕੈਨੇਡਾ

06/18/2020 1:53:50 PM

ਓਟਾਵਾ- ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣਨ ਵਿਚ ਅਸਫਲ ਰਿਹਾ। ਸੁਰੱਖਿਆ ਪ੍ਰੀਸ਼ਦ ਦੇ ਹਰ ਅਸਥਾਈ ਮੈਂਬਰ ਨੂੰ ਚੁਣੇ ਜਾਣ ਲਈ ਦੋ-ਤਿਹਾਈ ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਕੈਨੇਡਾ ਨੂੰ ਸੀਟ ਹਾਸਲ ਕਰਨ ਲਈ 128 ਸੀਟਾਂ ਦੀ ਜ਼ਰੂਰਤ ਸੀ ਪਰ ਇਸ ਦੇ ਖਾਤੇ ਸਿਰਫ 108 ਸੀਟਾਂ ਆਈਆਂ ਜਦਕਿ ਨਾਰਵੇ ਨੂੰ 130 ਅਤੇ ਆਇਰਲੈਂਡ ਨੂੰ 128 ਸੀਟਾਂ ਹਾਸਲ ਹੋਈਆਂ। 

ਭਾਰਤ, ਆਇਰਲੈਂਡ, ਮੈਕਸੀਕੋ ਅਤੇ ਨਾਰਵੇ ਅਸਥਾਈ ਮੈਂਬਰ ਚੁਣੇ ਗਏ ਹਨ। ਭਾਰਤ 8ਵੀਂ ਵਾਰ ਇਸ ਦਾ ਮੈਂਬਰ ਬਣਿਆ ਹੈ। ਇਨ੍ਹਾਂ ਸਭ ਨੂੰ ਦੋ ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਹੈ, ਜੋ ਜਨਵਰੀ 2021 ਤੋਂ ਸ਼ੁਰੂ ਹੋਵੇਗਾ। 

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜੇਕਰ ਉਹ ਇੱਥੇ ਜਗ੍ਹਾ ਬਣਾਉਣ ਵਿਚ ਅਸਫਲ ਹੁੰਦੇ ਹਨ ਤਾਂ ਵੀ ਪਹਿਲੀ ਜਨਵਰੀ ਨੂੰ ਬੈਲਜੀਅਮ, ਜਰਮਨੀ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਡੋਮਿਨਿਕ ਗਣਰਾਜ ਦਾ ਸੁਰੱਖਿਆ ਪ੍ਰੀਸ਼ਦ ਵਿਚ ਦੋ ਸਾਲ ਦਾ ਕਾਰਜਕਾਲ ਖਤਮ ਹੋ ਜਾਵੇਗਾ। ਸੁਰੱਖਿਆ ਪ੍ਰੀਸ਼ਦ ਦੇ ਅੱਧੇ ਅਸਥਾਈ ਮੈਂਬਰ ਹਰ ਸਾਲ ਦੋ ਸਾਲ ਦੇ ਕਾਰਜਕਾਲ ਲਈ ਚੁਣੇ ਜਾਂਦੇ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕੁੱਲ 15 ਮੈਂਬਰ ਹੁੰਦੇ ਹਨ ਜਿਨ੍ਹਾਂ ਵਿਚੋਂ 10 ਅਸਥਾਈ ਜਦਕਿ 5 ਸਥਾਈ ਮੈਂਬਰ ਹੁੰਦੇ ਹਨ। ਜ਼ਿਕਰਯੋਗ ਹੈ ਕਿ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ ਅਤੇ ਚੀਨ ਸਥਾਈ ਮੈਂਬਰ ਹਨ। 


Lalita Mam

Content Editor

Related News