ਪਹਿਲੀ ਵਾਰ ਕੈਨੇਡਾ ਨੇ ਖਾਲਿਸਤਾਨ ਨੂੰ ਮੰਨਿਆ ਅੱਤਵਾਦੀ ਖਤਰਾ

12/13/2018 6:25:08 PM

ਟੋਰਾਂਟੋ (ਏਜੰਸੀ)— ਪਹਿਲੀ ਵਾਰ ਕੈਨੇਡੀਅਨ ਸਰਕਾਰ ਨੇ ਖਾਲਿਸਤਾਨ ਵੱਖਵਾਦ ਨੂੰ ਅੱਤਵਾਦੀ ਖਤਰਿਆਂ ਵਿਚੋਂ ਇਕ ਮੰਨਿਆ ਹੈ। ਖਾਲਿਸਤਾਨੀ ਵੱਖਵਾਦ ਨੂੰ ਕੈਨੇਡਾ ਸਰਕਾਰ ਨੇ ਆਪਣੀ ਪਬਲਿਕ ਸੇਫਟੀ 2018 ਦੀ ਰਿਪੋਰਟ 'ਆਨ ਟੈਰੀਜ਼ਮ ਥ੍ਰੇਟ ਟੂ ਕੈਨੇਡਾ' ਵਿਚ ਚਿੰਤਾ ਦੇ ਰੂਪ ਵਿਚ ਦੱਸਿਆ। ਇਹ ਰਿਪੋਰਟ ਜਨਤਕ ਸੁਰੱਖਿਆ ਮੰਤਰੀ ਰਾਲਫ ਗੂਡਾਲੇ ਨੇ ਪੇਸ਼ ਕੀਤੀ। ਇਸ ਰਿਪੋਰਟ ਵਿਚ ਖਾਲਿਸਤਾਨੀ ਵੱਖਵਾਦ ਨੂੰ ਸਿੱਖ (ਖਾਲਿਸਤਾਨ) ਐਕਸਟ੍ਰੀਜ਼ਮ ਦੇ ਨਾਮ ਨਾਲ ਅੱਤਵਾਦੀ ਖਤਰਾ ਮੰਨ ਲਿਆ ਗਿਆ ਹੈ। 

ਭਾਰਤ ਤੇ ਪੰਜਾਬ ਸਰਕਾਰ ਵੀ ਲੰਬੇ ਸਮੇਂ ਤੋਂ ਅਜਿਹੀ ਮੰਗ ਕਰਦੀ ਰਹੀ ਹੈ। ਕੈਨੇਡੀਅਨ ਪੀ.ਐਮ. ਜਸਟਿਨ ਟਰੂਡੋ 'ਤੇ ਖਾਲਿਸਤਾਨ ਸਮਰਥਕਾਂ 'ਤੇ ਨਰਮ ਰਵੱਈਆ ਰੱਖਣ ਦੇ ਦੋਸ਼ ਲੱਗਦੇ ਰਹੇ ਹਨ। ਇਸ ਵਿਚਕਾਰ ਖਾਲਿਸਤਾਨ ਸਮਰਥਨ ਨੂੰ ਅੱਤਵਾਦੀ ਖਤਰਾ ਮੰਨਣਾ ਕੈਨੇਡਾ ਦੀ ਨੀਤੀ ਵਿਚ ਇਕ ਵੱਡੀ ਤਬਦੀਲੀ ਮੰਨਿਆ ਜਾ ਰਿਹਾ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ਵਿਚ ਪਹਿਲੀ ਵਾਰ ਸਿੱਖ ਐਕਸਟ੍ਰੀਜ਼ਮ ਨੂੰ ਸ਼ਾਮਲ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਕੁਝ ਲੋਕ ਲਗਾਤਾਰ ਸਿੱਖ ਖਾਲਿਸਤਾਨ ਵੱਖਵਾਦੀ ਵਿਚਾਰਧਾਰਾ ਅਤੇ ਮੂਵਮੈਂਟ ਨੂੰ ਸਮਰਥਨ ਦੇ ਰਹੇ ਹਨ। 

ਰਿਪੋਰਟ ਵਿਚ ਖਾਲਿਸਤਾਨ ਨਾਲ ਸਬੰਧਤ ਕਿਸੇ ਵਰਤਮਾਨ ਹਿੰਸਾ ਜਾਂ ਅੱਤਵਾਦੀ ਘਟਨਾ ਦਾ ਜ਼ਿਕਰ ਨਹੀਂ ਹੈ। ਸਿਰਫ 1985 ਵਿਚ ਹੋਏ ਕਨਿਸ਼ਕ ਬੰਬ ਕਾਂਡ ਦਾ ਜ਼ਿਕਰ ਹੈ। ਇਸ ਤੋਂ ਪਹਿਲਾਂ ਪੀ.ਐੱਮ. ਟਰੂਡੋ ਦੀ ਭਾਰਤ ਯਾਤਰਾ 'ਤੇ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤ ਹਰ ਬੈਠਕ ਵਿਚ ਕੈਨੇਡਾ ਵਿਚ ਵੱਧਦੇ ਸਿੱਖ ਵੱਖਵਾਦ ਦਾ ਮੁੱਦਾ ਚੁੱਕਦਾ ਰਿਹਾ ਹੈ। ਰਿਪੋਰਟ ਨੈਸ਼ਨਲ ਸਿਕਓਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਆਮੈਂਟਰੀਜ਼ (ਸੰਸਦ ਮੈਂਬਰਾਂ) ਨੇ ਤਿਆਰ ਕੀਤੀ ਹੈ।

Vandana

This news is Content Editor Vandana