ਪੰਜਾਬੀਆਂ ''ਤੇ ਨਸਲੀ ਟਿੱਪਣੀ ਦਾ ਖਮਿਆਜ਼ਾ, ਕੈਰਨ ਚੋਣ ਮੈਦਾਨ ''ਚੋਂ ਬਾਹਰ

01/18/2019 11:56:05 AM

ਟੋਰਾਂਟੋ (ਏਜੰਸੀ)— ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਪ੍ਰਧਾਨ ਜਗਮੀਤ ਸਿੰਘ ਬਰਨਬੀ ਦੱਖਣੀ ਲੋਕ ਸਭਾ ਹਲਕੇ ਦੀਆਂ ਉਪ ਚੋਣਾਂ ਵਿਚ ਉਮੀਦਵਾਰ ਵੱਜੋਂ ਮੈਦਾਨ ਵਿਚ ਹਨ। ਇਹ ਚੋਣਾਂ ਕੈਨੇਡੀਅਨ ਸਿਆਸਤ ਵਿਚ ਚਰਚਾ ਵਿਚ ਹਨ। ਇਨ੍ਹਾਂ ਚੋਣਾਂ ਵਿਚ ਜਗਮੀਤ ਸਿੰਘ ਦੇ ਮੁਕਾਬਲੇ ਵਿਰੋਧੀ ਪਾਰਟੀਆਂ-ਲਿਬਰਲ ਅਤੇ ਕੰਜ਼ਰਵੇਟਿਵ ਦੇ ਪ੍ਰਭਾਵਸ਼ਾਲੀ ਉਮੀਦਵਾਰ ਮੈਦਾਨ ਵਿਚ ਹਨ। ਲਿਬਰਲ ਪਾਰਟੀ ਦੀ ਉਮੀਦਵਾਰ ਕੈਰਨ ਵਾਂਗ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਨਸਲੀ ਟਿੱਪਣੀ ਕੀਤੀ ਗਈ ਸੀ। ਇਸ ਟਿੱਪਣੀ ਦਾ ਲੋਕਾਂ ਵੱਲੋਂ ਸਖਤ ਵਿਰੋਧ ਕੀਤੇ ਜਾਣ ਕਾਰਨ ਉਸ ਦਾ ਨਾਮ ਪਾਰਟੀ ਵੱਲੋਂ ਵਾਪਸ ਲੈ ਲਿਆ ਗਿਆ ਹੈ। 

ਆਪਣੀ ਟਿੱਪਣੀ ਬਾਰੇ ਕੈਰਨ ਵਾਂਗ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ 'ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ' ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉੱਤਰ ਰਿਹਾ। 25 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ 4 ਫਰਵਰੀ ਤੱਕ ਭਰੀ ਜਾਣੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲਿਬਰਲ ਪਾਰਟੀ ਇੱਥੋਂ ਮੈਦਾਨ ਖੁੱਲ੍ਹਾ ਛੱਡਦੀ ਹੈ ਜਾਂ ਪਾਰਟੀ ਨਾਮਜ਼ਦਗੀ ਵਿਚ ਦੂਜੇ ਨੰਬਰ 'ਤੇ ਰਹੇ ਵਿਅਕਤੀਆਂ ਨੂੰ ਮੈਦਾਨ ਵਿਚ ਉਤਾਰਦੀ ਹੈ। ਇੱਥੇ ਦੱਸ ਦਈਏ ਕਿ ਇਸ ਹਲਕੇ ਵਿਚ ਚੀਨੀ ਮੂਲ ਦੇ ਲੋਕਾਂ ਦੀ ਵੱਡੀ ਆਬਾਦੀ ਹੈ ਅਤੇ ਕੈਰਨ ਵਾਂਗ ਉਸੇ ਭਾਈਚਾਰੇ ਨਾਲ ਸਬੰਧਤ ਹੈ। 

ਕੈਰਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਲਿਖਿਆ ਸੀ ਕਿ ਜੇ ਚੀਨੀ ਭਾਈਚਾਰਾ ਉਸ ਪਿੱਛੇ ਇਕਜੁੱਟ ਹੋ ਜਾਏ ਤਾਂ ਭਾਰਤੀ ਮੂਲ ਦੇ ਜਗਮੀਤ ਸਿੰਘ ਨੂੰ ਆਸਾਨੀ ਨਾਲ ਹਰਾ ਕੇ ਜਿੱਤ ਦੇ ਝੰਡੇ ਗੱਡੇ ਜਾ ਸਕਦੇ ਹਨ। ਬੇਸ਼ੱਕ ਨੁਕਤਾਚੀਨੀ ਹੋਣ ਕਾਰਨ ਕੈਰਨ ਨੇ ਆਪਣੀ ਟਿੱਪਣੀ ਮਿਟਾ ਦਿੱਤੀ ਸੀ ਪਰ ਉਸ ਦੀ ਪਾਰਟੀ ਨੇ ਲਿਹਾਜ਼ ਨਹੀਂ ਕੀਤਾ ਅਤੇ ਇਹ ਕਹਿੰਦਿਆਂ ਉਸ ਦਾ ਨਾਮ ਉਮੀਦਵਾਰ ਵਜੋਂ ਵਾਪਸ ਲਿਆ ਕਿ ਅਜਿਹਾ ਪਾਰਟੀ ਦੀਆਂ ਨਤੀਆਂ ਦੇ ਵਿਰੁੱਧ ਹੈ। ਇਸ ਹਲਕੇ ਤੋਂ ਟੋਰੀ ਪਾਰਟੀ ਵੱਲੋਂ ਜੇ ਸ਼ਿੰਨ ਅਤੇ ਨਵੀਂ ਬਣੀ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਲੌਰਾ ਲਿੰਨ ਟਾਈਲਰ ਉਮੀਦਵਾਰ ਦੇ ਰੂਪ ਵਿਚ ਹੈ।

Vandana

This news is Content Editor Vandana