ਕੈਨੇਡਾ 'ਚ ਪ੍ਰਿੰਸ ਹੈਰੀ ਅਤੇ ਮੇਗਨ ਨੇ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜ਼ਿੰਦਗੀ

01/22/2020 1:18:06 PM

ਟੋਰਾਂਟੋ (ਬਿਊਰੋ): ਪ੍ਰਿੰਸ ਹੈਰੀ ਨੇ ਪਤਨੀ ਮੇਗਨ ਮਰਕੇਲ ਅਤੇ ਬੇਟੇ ਆਰਚੀ ਸਮੇਤ ਮੰਗਲਵਾਰ ਨੂੰ ਕੈਨੇਡਾ ਵਿਚ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ।ਇਸ ਦੇ ਨਾਲ ਹੀ ਪ੍ਰਿੰਸ ਹੈਰੀ ਨੇ ਸਮੁੰਦਰੀ ਕਿਨਾਰੇ ਆਪਣੀ ਰਿਹਾਇਸ਼ ਨੇੜੇ ਮੇਗਨ ਦੀਆਂ ਤਸਵੀਰਾਂ ਪ੍ਰਸਾਰਿਤ ਕਰਨ ਸਬੰਧੀ ਮੀਡੀਆ ਨੂੰ ਕਾਨੂੰਨੀ ਚਿਤਾਵਨੀ ਵੀ ਜਾਰੀ ਕੀਤੀ। ਸ਼ਾਹੀ ਪਰਿਵਾਰ ਦੀ ਸਰਗਰਮ ਮੈਂਬਰਸ਼ਿਪ ਤੋਂ ਵੱਖਰੇ ਹੋਣ ਦੇ ਬਾਅਦ ਪ੍ਰਿੰਸ ਹੈਰੀ ਸੋਮਵਾਰ ਨੂੰ ਬ੍ਰਿਟੇਨ ਤੋਂ ਰਵਾਨਾ ਹੋਕੇ ਵੈਨਕੂਵਰ ਟਾਪੂ 'ਤੇ ਵਿਕਟੋਰੀਆ ਦੇ ਬਾਹਰ ਇਕ ਆਲੀਸ਼ਾਨ ਘਰ ਵਿਚ ਰਹਿ ਰਹੀ ਮੇਗਨ ਕੋਲ ਪਹੁੰਚੇ। ਡਿਊਕ ਅਤੇ ਡਚੇਸ ਆਫ ਸਸੈਕਸ ਨੇ ਇਸ ਜਗ੍ਹਾ ਨੂੰ ਆਪਣੀ ਅਸਥਾਈ ਰਿਹਾਇਸ਼ ਬਣਾਇਆ ਹੈ। ਦੋਵੇਂ ਇੱਥੇ ਪਹਿਲਾਂ ਆਪਣੇ ਬੇਟੇ ਆਰਚੀ ਦੇ ਨਾਲ ਕ੍ਰਿਸਮਸ 'ਤੇ 6 ਹਫਤੇ ਬਿਤਾ ਚੁੱਕੇ ਹਨ। 

ਜ਼ਿਕਰਯੋਗ ਹੈ ਕਿ ਹੈਰੀ ਅਤੇ ਮੇਗਨ ਦੇ ਸ਼ਾਹੀ ਅਹੁਦਾ ਛੱਡਣ ਦੇ ਐਲਾਨ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਆਪਣੇ 8 ਮਹੀਨੇ ਦੇ ਬੇਟੇ ਆਰਚੀ ਦੇ ਨਾਲ ਬ੍ਰਿਟੇਨ ਅਤੇ ਉੱਤਰੀ ਅਮਰੀਕਾ ਵਿਚ ਸਮਾਂ ਬਿਤਾਉਣ ਲਈ ਇਹ ਕਦਮ ਚੁੱਕ ਰਹੇ ਹਨ। ਮੰਗਲਵਾਰ ਨੂੰ ਕਈ ਅਖਬਾਰਾਂ ਨੇ ਮੇਗਨ ਦੀਆਂ ਤਸਵੀਰਾਂ ਛਾਪੀਆਂ ਸਨ ਜਿਸ ਵਿਚ ਉਹਨਾਂ ਦਾ ਬੇਟਾ ਆਰਚੀ ਵੀ ਨਜ਼ਰ ਆ ਰਿਹਾ ਸੀ। ਇਹ ਤਸਵੀਰਾਂ ਉਦੋਂ ਲਈਆਂ ਗਈਆਂ ਜਦੋਂ ਮੇਗਨ ਆਪਣੇ ਕੁੱਤੇ ਨੂੰ ਘੁਮਾਉਣ ਲਈ ਨਿਕਲੀ ਸੀ। ਤਸਵੀਰਾਂ ਛਾਪਣ ਵਾਲੇ ਅਖਬਾਰ ਨੂੰ ਹੈਰੀ ਅਤੇ ਮੇਗਨ ਦੇ ਵਕੀਲਾਂ ਨੇ ਕਾਨੂੰਨੀ ਚਿਤਾਵਨੀ ਜਾਰੀ ਕੀਤੀ ਸੀ। ਬ੍ਰਿਟੇਨ ਵਿਚ 'ਦੀ ਸਨ' ਅਤੇ 'ਡੇਲੀ ਮੇਲ' ਅਖਬਾਰਾਂ ਨੇ ਇਹ ਤਸਵੀਰਾਂ ਛਾਪੀਆਂ ਸਨ।ਇਕ ਸਮਾਚਾਰ ਏਜੰਸੀ ਮੁਤਾਬਕ ਪ੍ਰਿੰਸ ਅਤੇ ਮੇਗਨ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਤਸਵੀਰਾਂ ਝਾੜੀਆਂ ਵਿਚ ਲੁਕੇ ਫੋਟੋਗ੍ਰਾਫਰਾਂ ਨੇ ਲਈਆਂ ਸਨ। ਜਦਕਿ ਮੇਗਨ ਨੇ ਉਹਨਾਂ ਨੂੰ ਤਸਵੀਰਾਂ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਕੁਝ ਮੀਡੀਆ ਖਬਰਾਂ ਮੁਤਾਬਕ ਜੋੜੇ ਨੂੰ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਤੋਂ ਨਿੱਜੀ ਆਰਥਿਕ ਮਦਦ ਦੇ ਤੌਰ 'ਤੇ ਗੁਪਤ ਰਾਸ਼ੀ ਮਿਲਦੀ ਰਹੇਗੀ। ਜੋੜੇ ਦੇ ਭਵਿੱਖ ਵਿਚ ਦਰਜੇ ਨੂੰ ਲੈ ਕੇ ਹਾਲੇ ਵੀ ਕੁਝ ਸਵਾਲ ਹਨ ਜਿਵੇਂ ਬ੍ਰਿਟੇਨ ਅਤੇ ਕੈਨੇਡਾ ਵਿਚ ਉਹਨਾਂ ਦੇ ਟੈਕਸ ਅਤੇ ਇਮੀਗ੍ਰੇਸ਼ਨ ਸਥਿਤੀ ਕੀ ਰਹੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹਨਾਂ ਨੇ ਜੋੜੇ ਦੀ ਸੁਰੱਖਿਆ 'ਤੇ ਆਉਣ ਵਾਲੇ ਖਰਚ ਬਾਰੇ ਮਹਾਰਾਣੀ ਐਲੀਜ਼ਾਬੇਥ ਨਾਲ ਸਿੱਧੀ ਗੱਲਬਾਤ ਕੀਤੀ ਹੈ। ਅਸਲ ਵਿਚ ਮੀਡੀਆ ਵਿਚ ਖਬਰਾਂ ਸਨ ਕਿ ਦੇਸ਼ ਨੇ ਇਹ ਖਰਚ ਖੁਦ ਚੁੱਕਣ ਦਾ ਪ੍ਰਸਤਾਵ ਦਿੱਤਾ ਸੀ। ਟਰੂਡੋ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਇਸ ਸਬੰਧੀ ਗੱਲ ਚੱਲ ਰਹੀ ਹੈ। ਹੁਣ ਤੱਕ ਮੇਰੇ ਕੋਲ ਇਸ ਬਾਰੇ ਵਿਚ ਕੋਈ ਨਵੀਂ ਜਾਣਕਾਰੀ ਨਹੀਂ ਹੈ।'' ਕੈਨੇਡਾ ਦੇ ਮੀਡੀਆ ਵਿਚ ਅਨੁਮਾਨ ਲਗਾਇਆ ਸੀ ਕਿ ਜੋੜੇ ਅਤੇ ਉਹਨਾਂ ਦੇ ਬੇਟੇ ਦੀ ਸੁਰੱਖਿਆ 'ਤੇ ਅਨੁਮਾਨਿਤ ਖਰਚ 17 ਲੱਖ ਕੈਨੇਡੀਅਨ ਡਾਲਰ ਆਵੇਗਾ।


Vandana

Content Editor

Related News