ਕਿਸਾਨੀ ਸੰਘਰਸ਼ ਨੂੰ ਲੈ ਕੇ ਕੈਨੇਡਾ ''ਚ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ (ਤਸਵੀਰਾਂ)

12/13/2020 6:00:47 PM

ਨਿਊਯਾਰਕ/ ਟੋਰਾਟੋ (ਰਾਜ ਗੋਗਨਾ): ਕੈਨੇਡਾ ਦੇ ਸਾਰਿਆਂ ਤੋਂ ਵੱਡੇ ਤੇ ਵਿਕਸਿਤ ਸ਼ਹਿਰ ਟੋਰਾਂਟੋ ਦੇ ਡਾਉਨਟਾਉਨ ਵਿਖੇ ਅੱਜ ਕਿਸਾਨੀ ਸੰਘਰਸ਼ ਨੂੰ ਹਿਮਾਇਤ ਦੇਣ ਬਾਬਤ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਹੋਇਆ।ਇਹ ਰੋਸ ਮੁਜ਼ਾਹਰਾ ਮਾਲਟਨ ਮਿਸੀਸਾਗਾ ਤੋਂ ਸ਼ੁਰੂ ਹੁੰਦਾ ਹੋਇਆ ਡਾਉਨਟਾਉਨ ਟੋਰਾਂਟੋ ਪਹੁੰਚਿਆ ਅਤੇ ਫਿਰ ਇਸ ਤੋਂ ਅੱਗੇ ਵੱਧਦਾ ਹੋਇਆ ਇਹ ਮੁਜ਼ਾਹਰਾ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਪਹੁੰਚ ਕੇ ਸਮਾਪਤ ਹੋਇਆ।‌

ਇਸ ਰੋਸ ਮੁਜ਼ਾਹਰੇ ਵਿੱਚ ਇੱਕ ਅਨੁਮਾਨ ਮੁਤਾਬਕ, ਤਿੰਨ ਤੋਂ ਚਾਰ ਹਜ਼ਾਰ ਦੇ ਨੇੜੇ ਮੁਜ਼ਾਹਰਾਕਾਰੀ ਸ਼ਾਮਲ ਹੋਏ। ਇਸ ਰੋਸ ਮੁਜ਼ਾਹਰੇ ਦੀ ਖਾਸੀਅਤ ਇਹ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨ ਜੰਮਪਲ ਨੌਜਵਾਨ ਮੁੰਡੇ ਕੁੜੀਆਂ ਨੇ ਸ਼ਮੂਲੀਅਤ ਕੀਤੀ। ਪੰਜਾਬ ਤੋਂ ਪੜ੍ਹਨ ਆਏ ਨੌਜਵਾਨਾਂ ਦੀ ਵੱਡੀ ਗਿਣਤੀ ਵੀ ਇਸ ਮੁਜ਼ਾਹਰੇ ਦਾ ਹਿੱਸਾ ਬਣੀ।

ਇਸ ਮੁਜ਼ਾਹਰੇ ਵਿੱਚ ਲੰਗਰ ਦੀ ਮੱਦਦ ਲੋਕਲ ਡੰਪ ਟਰੱਕ ਡਰਾਈਵਰਾਂ ਵੱਲੋਂ ਕੀਤੀ ਗਈ। ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਮੀਂਹ ਦੇ ਹਾਲਾਤ ਸਨ ਫਿਰ ਵੀ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਬਣਦਾ ਸੀ।ਮੈਨ ਸਟਰੀਮ ਮੀਡੀਏ ਵੱਲੋਂ ਵੀ ਇਸ ਪੂਰੇ ਘਟਨਾਕ੍ਰਮ ਦੀ ਪੂਰਨ ਤੌਰ 'ਤੇ ਕਵਰੇਜ ਕੀਤੀ ਗਈ ਤੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਹੋਰ ਵੀ ਪ੍ਰੋਗਰਾਮ ਵੇਖਣ ਨੂੰ ਮਿਲ ਸਕਦੇ ਹਨ। 

ਪ੍ਰਬੰਧਕਾਂ ਨੇ ਅੱਜ ਨਿੱਜੀ ਗੱਲਬਾਤ ਦੌਰਾਨ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਭਾਰਤੀ ਕੌਂਸਲੇਟ ਦਫ਼ਤਰ ਦਾ ਲਗਾਤਾਰ ਘਿਰਾਓ ਵੀ ਹੋ ਸਕਦਾ ਹੈ ਤੇ ਵਾਲੰਟੀਅਰਾ ਵੱਲੋਂ ਹਰ ਰੋਜ਼ ਕੌਂਸਲੇਟ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਨੇ ਦੱਸਿਆ ਹੈ ਕਿ ਜਦੋਂ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਇਹੋ ਜਿਹੇ ਮੁਜ਼ਾਹਰੇ ਲਗਾਤਾਰ ਹੁੰਦੇ ਰਹਿਣਗੇ।
 

ਨੋਟ- ਕਿਸਾਨੀ ਸੰਘਰਸ਼ ਨੂੰ ਲੈ ਕੇ ਕੈਨੇਡਾ 'ਚ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana