ਕੈਨੇਡਾ ਚੋਣਾਂ : ਟਰੂਡੋ ਨੇ ਨੌਜਵਾਨਾਂ ਨੂੰ ਖੁਸ਼ ਕਰਨ ਲਈ ਕੀਤਾ ਇਹ ਵਾਅਦਾ

10/14/2019 10:37:17 AM

ਟੋਰਾਂਟੋ— ਕੈਨੇਡਾ 'ਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ। ਸੱਤਾਧਾਰੀ ਲਿਬਰਲ ਪਾਰਟੀ ਲਈ ਇਹ ਚੋਣਾਂ ਅਹਿਮ ਹਨ ਕਿਉਂਕਿ ਜਸਟਿਨ ਟਰੂਡੋ ਆਪਣੀ ਸਾਖ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਐਂਡਰੀਓ ਸ਼ੀਅਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵੀ ਆਪਣੇ ਵੋਟਰਾਂ ਦਾ ਦਿਲ ਜਿੱਤਣ ਲਈ ਲੱਗੇ ਹਨ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਿਲ ਨੂੰ ਮੋਹਣ ਵਾਲੇ ਵਾਅਦਿਆਂ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਬੀਤੇ ਦਿਨ ਇਕ ਚੋਣ ਰੈਲੀ ਦੌਰਾਨ ਪੀ. ਐੱਮ. ਜਸਟਿਨ ਟਰੂਡੋ ਨੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਇਸ ਵਾਰ ਫਿਰ ਚੋਣਾਂ ਜਿੱਤਦੇ ਹਨ ਤਾਂ ਉਹ ਸੈੱਲਫੋਨ ਦੇ ਬਿੱਲ ਘਟਾਉਣ ਲਈ ਕਦਮ ਚੁੱਕਣਗੇ। ਟਰੂਡੋ ਨੇ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਵਾਅਦਾ ਕੀਤਾ ਕਿਉਂਕਿ ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਅਤੇ ਫੋਨ ਨੌਜਵਾਨਾਂ ਲਈ ਕਾਫੀ ਅਹਿਮੀਅਤ ਰੱਖਦੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਵੋਟਰਾਂ ਨੂੰ ਕਿਹਾ ਕਿ ਉਹ ਅਗਲੀ ਵਾਰ ਮੌਕਾ ਮਿਲਣ 'ਤੇ ਵੀ ਵਾਤਾਵਰਣ ਲਈ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਜਲਵਾਯੂ ਪਰਿਵਰਤਨ ਨੂੰ ਲੈ ਕੇ ਕੱਢੀ ਗਈ ਵਿਸ਼ੇਸ਼ ਰੈਲੀ 'ਚ ਟਰੂਡੋ ਨੇ ਵੀ ਸ਼ਿਰਕਤ ਕੀਤੀ ਸੀ। ਨੌਜਵਾਨ ਪੀੜੀ ਜਲਵਾਯੂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਉਨ੍ਹਾਂ ਦੇ ਹੱਕ ਦੀ ਆਵਾਜ਼ ਉਠਾ ਕੇ ਟਰੂਡੋ ਨੌਜਵਾਨਾਂ ਨੂੰ ਆਪਣੇ ਸਾਥ ਦਾ ਅਹਿਸਾਸ ਕਰਵਾ ਰਹੇ ਹਨ।

ਮਿਸੀਸਾਗਾ-ਮਾਲਟਨ ਹਲਕੇ 'ਚ ਕੌਮਾਂਤਰੀ ਹਵਾਈ ਅੱਡੇ ਨੇੜੇ ਸਥਿਤ ਕੌਮਾਂਤਰੀ ਸੈਂਟਰ 'ਚ ਇਕ ਵਿਸ਼ਾਲ ਚੋਣ ਰੈਲੀ ਕਰਵਾਈ ਗਈ। ਜਿਸ 'ਚ ਪਾਰਟੀ ਦੇ ਆਗੂ ਟਰੂਡੋ, ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ, ਵਿੱਤ ਮੰਤਰੀ, ਵਿਦੇਸ਼ ਮੰਤਰੀ ਤੇ ਇਮੀਗ੍ਰੇਸ਼ਨ ਮੰਤਰੀ ਵੀ ਹਾਜ਼ਰ ਸਨ।  ਰੈਲੀ 'ਚ ਟਰੂਡੋ ਨੇ ਆਪਣੇ ਸ਼ਾਸਨਕਾਲ 'ਚ ਕੀਤੀਆਂ ਪ੍ਰਾਪਤੀਆਂ ਵੀ ਗਿਣਾਈਆਂ।


Related News