ਕੈਨੇਡਾ ਚੋਣਾਂ : ਇਸ ਸੀਟ 'ਤੇ ਇਕ-ਦੂਜੇ ਨੂੰ ਟੱਕਰ ਦੇਣਗੇ 4 ਪੰਜਾਬੀ ਉਮੀਦਵਾਰ

10/07/2019 2:59:53 PM

ਓਟਾਵਾ— ਕੈਨੇਡਾ 'ਚ 21 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਾਖ ਬਚਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ। ਇਨ੍ਹਾਂ ਚੋਣਾਂ 'ਚ ਪੰਜਾਬੀਆਂ ਵਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ, ਭਾਵੇਂ ਉਹ ਵੋਟਰ ਹੋਣ ਜਾਂ ਐੱਮ. ਪੀ. ਅਹੁਦੇ ਦੇ ਉਮੀਦਵਾਰ। ਇਨ੍ਹਾਂ ਚੋਣਾਂ ਕਾਰਨ ਹੀ ਪੰਜਾਬ 'ਚ ਵੀ ਅਰਦਾਸਾਂ ਹੋ ਰਹੀਆਂ ਹਨ ਕਿਉਂਕਿ ਇਸ ਵਾਰ ਵੱਡੀ ਗਿਣਤੀ 'ਚ ਪੰਜਾਬੀ ਚੋਣ ਮੈਦਾਨ 'ਚ ਹਨ । ਬ੍ਰਿਟਿਸ਼ ਕੋਲੰਬੀਆ ਸੂਬੇ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸਰੀ ਸੈਂਟਰ ਸੀਟ ਤੋਂ 4 ਪਾਰਟੀਆਂ ਨੇ ਪੰਜਾਬੀ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਇਸ ਹਲਕੇ 'ਚ ਕੁੱਲ 68,719 ਵੋਟਰ ਹਨ, ਜਿਨ੍ਹਾਂ 'ਚੋਂ 25,000 ਪੰਜਾਬੀ ਹਨ।

ਸਰੀ ਸੈਂਟਰ ਸੰਸਦੀ ਸੀਟ ਲਈ ਲਿਬਰਲ ਪਾਰਟੀ ਨੇ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਪਾਰਟੀ ਨੇ ਟੀਨਾ ਬੈਂਸ, ਐੱਨ. ਡੀ. ਪੀ. ਵਲੋਂ ਸੁਰਜੀਤ ਸਰਾਂ ਅਤੇ 'ਪੀਪਲਜ਼ ਪਾਰਟੀ ਆਫ ਕੈਨੇਡਾ' ਨੇ ਜਸਵਿੰਦਰ ਸਿੰਘ ਦਿਲਾਵਰੀ ਨੂੰ ਮੈਦਾਨ 'ਚ ਉਤਾਰਿਆ ਹੈ। ਵੱਖ-ਵੱਖ ਪਾਰਟੀਆਂ ਨੇ ਪੰਜਾਬੀਆਂ ਨੂੰ ਹੀ ਪੰਜਾਬੀਆਂ ਵਿਰੁੱਧ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਕੋਈ ਵੀ ਪਾਰਟੀ ਪੰਜਾਬੀਆਂ ਦੀ ਇਹ ਸੀਟ ਨੂੰ ਗੁਆਉਣਾ ਨਹੀਂ ਚਾਹੁੰਦੀ।

ਜ਼ਿਕਰਯੋਗ ਹੈ ਕਿ ਜ਼ਿਲਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਦੇ ਰਣਦੀਪ ਸਰਾਏ ਦੂਜੀ ਵਾਰ ਚੋਣ ਮੈਦਾਨ 'ਚ ਆਪਣੀ ਕਿਸਮਤ ਅਜਮਾਉਣ ਲਈ ਉੱਤਰੇ ਹਨ। ਰਾਜਨੀਤੀ 'ਚ ਆਉਣ ਤੋਂ ਪਹਿਲਾਂ ਉਹ ਵਕੀਲ ਸਨ। ਟੀਨਾ ਦਾ ਪਿਛੋਕੜ ਅੰਮ੍ਰਿਤਸਰ ਤੋਂ ਹੈ ਤੇ ਉਹ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ 25 ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਹੁਦਿਆਂ 'ਤੇ ਕੰਮ ਕਰ ਰਹੀ ਹੈ। ਸੁਰਜੀਤ ਸਿੰਘ ਸਰਾਂ ਵੀ ਪਹਿਲੀ ਵਾਰ ਚੋਣ ਮੈਦਾਨ 'ਚ ਉੱਤਰੇ ਹਨ। ਉਂਝ ਉਹ ਪਿਛਲੇ 17 ਸਾਲਾਂ ਤੋਂ ਕੈਨੇਡਾ ਦੇ ਮਨੁੱਖੀ ਸਰੋਤ ਮਹਿਕਮੇ 'ਚ ਨੌਕਰੀ ਕਰ ਰਹੇ ਹਨ। ਜਸਵਿੰਦਰ ਸਿੰਘ ਪੱਤਰਕਾਰੀ ਤੋਂ ਸਿਆਸਤ ਵੱਲ ਆਏ ਹਨ। ਹੁਣ ਦੇਖਣਾ ਹੋਵੇਗਾ ਕਿ ਲੋਕ ਕਿਸ ਪੰਜਾਬੀ ਸਿਰ ਜਿੱਤ ਦਾ ਤਾਜ ਪਹਿਨਾਉਂਦੇ ਹਨ।


Related News