ਕੈਨੇਡਾ ''ਚ ਆਏ ਬਰਫੀਲੇ ਤੂਫਾਨ ਨੇ ਤੋੜਿਆ 21 ਸਾਲ ਦਾ ਰਿਕਾਰਡ (ਤਸਵੀਰਾਂ)

01/21/2020 1:02:39 PM

ਨਿਊ ਫਾਊਂਡਲੈਂਡ— ਕੈਨੇਡਾ 'ਚ ਆਏ ਬੰਬ ਸਾਈਕਲੋਨ (ਬਰਫੀਲੇ ਤੂਫਾਨ) ਨੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਤੇ ਅਟਲਾਂਟਿਕ 'ਚ ਤਬਾਹੀ ਮਚਾਈ ਹੋਈ ਹੈ। ਇੱਥੇ ਸ਼ੁੱਕਰਵਾਰ-ਸ਼ਨੀਵਾਰ ਨੂੰ ਬਰਫੀਲੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸੈਂਟ ਜਾਨ ਇੰਟਰਨੈਸ਼ਨਲ ਏਅਰਪੋਰਟ 'ਤੇ 120-157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਜਿਸ ਕਾਰਨ ਹਵਾਈ ਸੇਵਾਵਾਂ ਰੋਕਣੀਆਂ ਪਈਆਂ। ਮੌਸਮ ਵਿਗਿਆਨੀਆਂ ਮੁਤਾਬਕ ਬੰਬ ਸਾਈਕਲੋਨ ਬਣਨ ਕਾਰਨ 24 ਘੰਟਿਆਂ 'ਚ ਹਵਾ ਦਾ ਦਬਾਅ 24 ਮਿਲੀਬਾਰ ਜਾਂ ਇਸ ਤੋਂ ਵਧੇਰੇ ਹੋ ਜਾਂਦਾ ਹੈ।

ਇਹੀ ਕਾਰਨ ਹੈ ਕਿ ਸ਼ਹਿਰ 'ਚ ਇਕ ਦਿਨ 'ਚ ਹੀ 76.2 ਸੈਂਟੀਮੀਟਰ (30 ਇੰਚ) ਬਰਫ ਪਈ। ਇਸ ਕਾਰਨ ਰਾਜਧਾਨੀ 'ਚ ਬਰਫਬਾਰੀ ਦਾ 21 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਲੋਕਾਂ ਦੇ ਘਰਾਂ ਦੇ ਦਰਵਾਜ਼ੇ ਤਕ ਬੰਦ ਨਹੀਂ ਹੋ ਰਹੇ ਸਨ।

ਸੈਂਟ ਜਾਨ ਸ਼ਹਿਰ 'ਚ ਇਸ ਤੋਂ ਪਹਿਲਾਂ 5 ਅਪ੍ਰੈਲ, 1999 ਨੂੰ 68.4 ਸੈਂਟੀਮੀਟਰ ਤਕ ਬਰਫ ਪਈ ਸੀ ਪਰ ਇਸ ਸਾਲ ਰਿਕਾਰਡ ਟੁੱਟ ਗਿਆ ਹੈ। ਪਿਛਲੇ ਹਫਤੇ ਦੀ ਸ਼ੁਰੂਆਤ 'ਚ ਅਮਰੀਕਾ ਦੇ ਪੂਰਬੀ-ਉੱਤਰੀ ਹਿੱਸਿਆਂ 'ਚ ਤੇਜ਼ ਹਵਾਵਾਂ, ਬਰਫਬਾਰੀ ਅਤੇ ਮੀਂਹ ਲਈ ਜ਼ਿੰਮੇਵਾਰ ਇਹ ਤੂਫਾਨ ਕੈਨੇਡਾ ਪੁੱਜ ਕੇ ਬਹੁਤ ਸ਼ਕਤੀਸ਼ਾਲੀ ਹੋ ਗਿਆ। ਸੜਕਾਂ 'ਤੇ ਕਈ ਗੱਡੀਆਂ ਫਸ ਗਈਆਂ ਤੇ ਫੌਜ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ। ਨਿਊ ਫਾਊਂਡਲੈਂਡ 'ਚ ਬਰਫ 'ਚ ਫਸੇ ਲੋਕਾਂ ਦੀ ਮਦਦ ਕਰਨ ਲਈ ਲਗਭਗ 150-200 ਫੌਜੀਆਂ ਨੂੰ ਭੇਜਿਆ ਗਿਆ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਮੁਤਾਬਕ ਹਾਲਾਤ ਆਸਾਧਾਰਣ ਹੋਣ ਕਾਰਨ ਹੈਲੀਕਾਪਟਰਾਂ ਰਾਹੀਂ ਲੋਕਾਂ ਤਕ ਫੌਜ ਦਵਾਈਆਂ ਆਦਿ ਲੈ ਜਾ ਰਹੀ ਹੈ।