''ਪਲਾਸਟਿਕ ਕੂੜੇ'' ਤੋਂ ਪਰੇਸ਼ਾਨ ਕੈਨੇਡਾ ਸਰਕਾਰ ਚੁੱਕੇਗੀ ਇਹ ਕਦਮ

06/10/2019 11:35:46 AM

ਟੋਰਾਂਟੋ— ਕੈਨੇਡਾ ਸਰਕਾਰ ਇਕ ਵਾਰ ਵਰਤੋਂ ਹੋਣ ਵਾਲੀ ਪਲਾਸਟਿਕ 'ਤੇ 2021 ਤਕ ਰੋਕ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਐਤਵਾਰ ਦੇਰ ਸ਼ਾਮ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਇਸ ਸਬੰਧੀ ਘੋਸ਼ਣਾ ਕਰਨਗੇ। ਅਧਿਕਾਰੀ ਨੇ ਦੱਸਿਆ ਕਿ ਵਿਗਿਆਨ ਆਧਾਰਿਤ ਸਮੀਖਿਆ ਦੇ ਆਧਾਰ 'ਤੇ ਰੋਕੇ ਜਾਣ ਵਾਲੇ ਸਮਾਨ ਦੀ ਸੂਚੀ ਬਣਾਈ ਜਾਵੇਗੀ ਪਰ ਉਹ ਪਾਣੀ ਦੀਆਂ ਬੋਤਲਾਂ, ਪਲਾਸਟਿਕ ਦੇ ਥੈਲਿਆਂ ਅਤੇ ਸਟ੍ਰਾ ਵਰਗੀਆਂ ਵਸਤਾਂ 'ਤੇ ਰੋਕ ਲਗਾਉਣ 'ਤੇ ਵਿਚਾਰ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਟਰੂਡੋ ਸਰਕਾਰ ਯੂਰਪੀ ਸੰਘ ਦੇ ਕਦਮ 'ਤੇ ਵਿਚਾਰ ਕਰ ਰਹੀ ਹੈ ਅਤੇ ਉਸ ਦੇ ਮਾਡਲ ਤੋਂ ਪ੍ਰੇਰਣਾ ਲੈ ਰਹੀ ਹੈ। ਯੂਰਪੀ ਸੰਘ ਦੀ ਸੰਸਦ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਵਾਰ ਵਰਤੋਂ ਹੋਣ ਵਾਲੀ ਪਲਾਸਟਿਕ 'ਤੇ ਰੋਕ ਲਗਾਉਣ ਦੇ ਪੱਖ 'ਚ ਮਾਰਚ ਮਹੀਨੇ ਵੋਟਿੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਪਲਾਸਟਿਕ ਦੇ ਵਧ ਰਹੇ ਕੂੜੇ ਤੋਂ ਪ੍ਰੇਸ਼ਾਨ ਹੈ। ਇਸੇ ਲਈ ਕਈ ਦੇਸ਼ ਠੋਸ ਕਦਮ ਚੁੱਕ ਰਹੇ ਹਨ।