ਕੈਨੇਡਾ 'ਚ ਹੁਣ ਤਕ 4.7 ਮਿਲੀਅਨ ਵੋਟਰਾਂ ਨੇ ਪਾਈ ਵੋਟ

10/16/2019 12:10:00 PM

ਓਟਾਵਾ— ਕੈਨੇਡਾ 'ਚ 21 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ ਤੇ ਇਸ ਲਈ ਜ਼ੋਰਾਂ 'ਤੇ ਪ੍ਰਚਾਰ ਚੱਲ ਰਿਹਾ ਹੈ। ਹੁਣ ਤਕ ਅਡਵਾਂਸ ਪੋਲ ਤਹਿਤ 4.7 ਮਿਲੀਅਨ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ। ਇਲੈਕਸ਼ਨ ਕੈਨੇਡਾ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹੁਣ ਤਕ ਵੱਡੀ ਗਿਣਤੀ 'ਚ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ ਅਤੇ ਆਪਣੇ ਪਸੰਦ ਦੇ ਨੇਤਾ ਦੇ ਨਾਂ 'ਤੇ ਮੋਹਰ ਲਗਾ ਰਹੇ ਹਨ।
 

ਜ਼ਿਕਰਯੋਗ ਹੈ ਕਿ 2015 'ਚ ਹੋਈ ਅਡਵਾਂਸ ਪੋਲਿੰਗ ਨਾਲੋਂ ਇਸ ਵਾਰ 29 ਫੀਸਦੀ ਵਧੇਰੇ ਵੋਟਿੰਗ ਹੋ ਚੁੱਕੀ ਹੈ, ਜਿਸ ਤੋਂ ਵੋਟਰਾਂ ਦੀ ਉਤਸੁਕਤਾ ਵੀ ਝਲਕ ਰਹੀ ਹੈ। 2015  'ਚ 3.6 ਮਿਲੀਅਨ ਕੈਨੇਡੀਅਨਜ਼ ਨੇ ਅਡਵਾਂਸ ਵੋਟਿੰਗ ਕੀਤੀ ਸੀ। ਸ਼ੁੱਕਰਵਾਰ ਨੂੰ ਅਡਵਾਂਸ ਵੋਟਿੰਗ ਸ਼ੁਰੂ ਹੋ ਗਈ ਸੀ। ਇਲੈਕਸ਼ਨ ਕੈਨੇਡਾ ਡਾਟਾ ਮੁਤਾਬਕ ਸ਼ੁੱਕਰਵਾਰ ਨੂੰ ਹੀ 1.24 ਮਿਲੀਅਨ ਅਤੇ ਸੋਮਵਾਰ ਨੂੰ ਛੁੱਟੀ ਵਾਲੇ ਦਿਨ 1.6 ਮਿਲੀਅਨ ਵੋਟਰਾਂ ਨੇ ਵੋਟ ਪਾਈ। ਸ਼ਨੀਵਾਰ ਨੂੰ 9,77,000 ਅਤੇ ਐਤਵਾਰ ਨੂੰ 9,15,000 ਵੋਟਰਾਂ ਵਲੋਂ ਵੋਟਾਂ ਪਾਈਆਂ ਗਈਆਂ।

ਚੋਣ ਮੁਖੀ ਸਟੀਫਨ ਪੈਰਾਲਟ ਨੇ ਕਿਹਾ ਕਿ ਮੈਨੀਟੋਬਾ 'ਚ ਬਰਫੀਲੇ ਤੂਫਾਨ ਕਾਰਨ ਵੋਟਰ ਕਾਫੀ ਪ੍ਰਭਾਵਿਤ ਹੋਏ ਹਨ। ਹਾਲਾਂਕਿ ਕੁਝ ਸ਼ਹਿਰਾਂ 'ਚ ਤਾਂ ਲੋਕਾਂ ਨੂੰ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨਾ ਪਿਆ ਅਤੇ ਘੱਟ ਤੋਂ ਘੱਟ 40 ਮਿੰਟਾਂ ਦੀ ਉਡੀਕ ਕਰਨ ਮਗਰੋਂ ਉਹ ਵੋਟ ਪਾ ਸਕੇ। ਜ਼ਿਕਰਯੋਗ ਹੈ ਕਿ ਜਿਹੜੇ ਵੋਟਰ ਚੋਣਾਂ ਵਾਲੇ ਦਿਨ ਕਿਸੇ ਕਾਰਨ ਵੋਟ ਨਹੀਂ ਪਾ ਸਕਦੇ ਉਹ ਲੋਕ ਪਹਿਲਾਂ ਹੀ ਵੋਟ ਪਾ ਸਕਦੇ ਹਨ।