ਧੀ ਨੇ 92 ਸਾਲਾ ਪਿਤਾ ਦਾ ਜਨਮਦਿਨ ਬਣਾਇਆ ਖਾਸ, 4,500 ਲੋਕਾਂ ਨੇ ਦਿੱਤੀਆਂ ਦੁਆਵਾਂ

10/18/2018 12:26:29 PM

ਓਂਟਾਰੀਓ (ਬਿਊਰੋ)— ਕੈਨੇਡਾ ਦੇ ਸੂਬੇ ਓਂਟਾਰੀਓ ਵਿਚ 92 ਸਾਲਾ ਬਜ਼ੁਰਗ ਦਾ ਜਨਮਦਿਨ ਉਸ ਲਈ ਯਾਦਗਾਰ ਬਣ ਗਿਆ। ਉਸ ਨੂੰ ਆਪਣੇ ਜਨਮਦਿਨ 'ਤੇ ਇਕ-ਦੋ ਨਹੀਂ ਸਗੋਂ 4,500 ਕਾਰਡ ਮਿਲੇ। ਇਹ ਕਾਰਡ ਉਸ ਨੂੰ ਆਪਣੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਤੋਂ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਵੱਲੋਂ ਭੇਜੇ ਗਏ ਸਨ। ਇਨ੍ਹਾਂ ਕਾਰਡਾਂ ਨਾਲ ਉਸ ਨੇ ਆਪਣੇ ਪੂਰੇ ਘਰ ਨੂੰ ਸਜਾਇਆ।

ਸਹੀ ਅਰਥਾਂ ਵਿਚ 92 ਸਾਲਾ ਜੇਰਾਰਡ ਡੁਨ ਦਾ ਜਨਮਦਿਨ ਬੀਤੇ ਮਹੀਨੇ ਸ਼ੁਰੂ ਹੋਇਆ ਜਦੋਂ ਉਸ ਦੀ ਧੀ ਮਿਰਿਅਮ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਅਪੀਲ ਕੀਤੀ ਸੀ। ਅਸਲ ਵਿਚ ਉਸ ਦੀ ਮਾਂ ਦੀ ਪਿਛਲੇ ਬਸੰਤ ਵਿਚ ਮੌਤ ਹੋ ਗਈ ਸੀ ਅਤੇ ਉਸ ਦਾ ਪਿਤਾ ਇਕੱਲਾਪਨ ਮਹਿਸੂਸ ਕਰਦਾ ਸੀ। ਜੇਰਾਰਡ ਹੁਣ ਉਦਾਸ ਰਹਿੰਦਾ ਸੀ ਅਤੇ ਰੋਜ਼ਾਨਾ ਮੇਲ ਦੀ ਉਡੀਕ ਕਰਦਾ ਸੀ। ਉਸ ਦੀ ਧੀ ਮਿਰਿਅਮ ਨੇ ਉਨ੍ਹਾਂ ਦੇ ਜਨਮਦਿਨ ਨੂੰ ਖਾਸ ਬਣਾਉਣ ਦੀ ਸੋਚੀ। ਮਿਰਿਅਮ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਕਿ ਉਸ ਦੇ ਪਿਤਾ ਨੂੰ ਜਨਮਦਿਨ ਦੇ ਮੌਕੇ 'ਤੇ ਇਕ ਕਾਰਡ ਜਾਂ ਪੱਤਰ ਭੇਜਣ।

ਲੋਕਾਂ ਨੇ ਜਲਦੀ ਹੀ ਮਿਰਿਅਮ ਦੀ ਅਪੀਲ ਸਵੀਕਾਰ ਕਰ ਲਈ। ਉਸ ਦੇ ਸ਼ੁੱਭਚਿੰਤਕਾਂ ਨੇ ਜਲਦੀ ਹੀ ਉਨ੍ਹਾਂ ਲਈ ਕਾਰਡ ਅਤੇ ਵਧਾਈ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ।  ਜੇਰਾਰਡ ਦੀ ਦੂਜੀ ਧੀ ਕੋਮਿਲਾ ਓਂਟਾਰੀਓ ਵਿਚ ਆਪਣੇ ਘਰ ਤੋਂ ਆਪਣੇ ਪਿਤਾ ਦੀ ਮੇਲ ਬੋਨਾਨਜ਼ਾ ਨੂੰ ਚੈੱਕ ਕਰ ਰਹੀ ਸੀ। ਉਸ ਨੇ ਸਾਰੇ ਕਾਰਡਾਂ ਨਾਲ ਪੂਰੇ ਘਰ ਨੂੰ ਸਜਾ ਦਿੱਤਾ। ਜੇਰਾਰਡ ਨੇ ਆਪਣੀ ਪਤਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਹ ਸਾਰੇ ਕਾਰਡ ਤੇ ਪੱਤਰ ਦੇਖ ਕੇ ਹੈਰਾਨ ਰਹਿ ਜਾਂਦੀ।

ਮਿਰਿਅਮ, ਕੋਮਿਲਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਇਨ੍ਹਾਂ ਕਾਰਡਾਂ ਅਤੇ ਪੱਤਰਾਂ ਨੂੰ ਖੋਲ੍ਹਣ ਵਿਚ ਜੇਰਾਰਡ ਦੀ ਮਦਦ ਕੀਤੀ ਪਰ ਜੇਰਾਰਡ ਨੇ ਖੁਦ ਮੇਲ ਦੇ ਹਰੇਕ ਹਿੱਸੇ ਨੂੰ ਦੇਖਿਆ। ਜੇਰਾਰਡ ਨੇ ਇਹ ਕਾਰਡ ਅਤੇ ਵਧਾਈ ਪੱਤਰ ਭੇਜਣ ਵਾਲਿਆਂ ਦਾ ਧੰਨਵਾਦ ਕੀਤਾ ਹੈ।