ਟਰੂਡੋ ਦਾ ਕਿਸਾਨਾਂ ਨੂੰ ਤੋਹਫਾ, 500 ਕਰੋੜ ਡਾਲਰ ਦਾ ਖੁੱਲ੍ਹਣ ਜਾ ਰਿਹੈ ਪਿਟਾਰਾ

03/23/2020 11:09:53 PM

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ (ਪੀ. ਐੱਮ.) ਜਸਟਿਨ ਟਰੂਡੋ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਟਰੂਡੋ ਨੇ ਕਿਹਾ ਕਿ ਕਿਸਾਨਾਂ ਦੀ ਸਹਾਇਤਾ ਲਈ ਜਲਦ ਹੀ 500 ਕਰੋੜ ਡਾਲਰ ਦਾ ਕ੍ਰੈਡਿਟ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਛਾਈ ਮੰਦੀ ਵਿਚਕਾਰ ਪੀ. ਐੱਮ. ਜਸਟਿਨ ਟਰੂਡੋ ਦਾ ਇਹ ਵੱਡਾ ਐਲਾਨ ਹੈ।

ਉੱਥੇ ਹੀ, ਕੋਵਿਡ-19 ਯਾਨੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਕੈਨੇਡੀਅਨ ਸਰਕਾਰ ਨੇ 19.2 ਕਰੋੜ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਇਸਤੇਮਾਲ ਟੀਕੇ ਦੀ ਖੋਜ ਅਤੇ ਉਸ ਨੂੰ ਬਣਾਉਣ ਜਾਂ ਵਿਕਸਤ ਕਰਨ ਲਈ ਕੀਤਾ ਜਾਵੇਗਾ। ਟਰੂਡੋ ਨੇ ਇਨ੍ਹਾਂ ਕਦਮਾਂ ਦਾ ਐਲਾਨ ਉਸ ਵਕਤ ਕੀਤਾ ਹੈ, ਜਦੋਂ ਸੰਘੀ ਸਰਕਾਰ ਵੱਲੋਂ ਲੋਕਾਂ ਵਿਚ ਕੋਵਿਡ-19 ਬਾਰੇ ਜਾਗਰੂਕਤਾ ਲਈ 3 ਕਰੋੜ ਡਾਲਰ ਇਸ਼ਤਿਹਾਰਬਾਜ਼ੀ 'ਤੇ ਖਰਚ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ।

ਰਾਈਡੌ ਕਾੱਟੇਜ ਵਿਖੇ ਆਪਣੀ ਰਿਹਾਇਸ਼ ਦੇ ਬਾਹਰ ਬੋਲਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡੀਅਨਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ COVID-19 ਬਾਰੇ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਨਹੀਂ ਤਾਂ ਸਖਤ ਕਦਮ ਲਾਗੂ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ ਤੱਕ ਕੋਰੋਨਾ ਦੇ 1,550 ਤੋਂ ਵੱਧ ਮਾਮਲੇ ਪੁਸ਼ਟੀ ਹੋ ਚੁੱਕੇ ਹਨ ਅਤੇ ਘੱਟੋ-ਘੱਟ 20 ਦੀ ਮੌਤ ਹੋ ਚੁੱਕੀ ਹੈ। ਟਰੂਡੋ ਆਪਣੀ ਪਤਨੀ ਸੋਫੀ ਵਿਚ ਕੋਵਿਡ-19 ਦੀ ਪੁਸ਼ਟੀ ਹੋਣ ਤੋਂ ਪਿੱਛੋਂ ਖੁਦ ਵੀ ਅਲੱਗ-ਥਲੱਗ ਰਹਿ ਰਹੇ ਹਨ। ਟਰੂਡੋ ਨੇ ਕਿਸਾਨਾਂ ਨੂੰ ਸੰਬੋਧਨ ਵਿਚ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਮੁਸ਼ਕਲ ਸਮਾਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ-ਨਾਲ ਫੂਡ ਸੈਕਟਰ ਦੇ ਉਨ੍ਹਾਂ ਸਭ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਹੜੇ ਇਸ ਸੰਕਟ ਦੇ ਸਮੇਂ ਕੈਨੇਡੀਅਨਾਂ ਦਾ ਟਿੱਡ ਭਰ ਰਹੇ ਹਨ।

Sanjeev

This news is Content Editor Sanjeev