ਕੈਨੇਡਾ : 6 ਲੱਖ ਪਲਾਸਟਿਕ ਬੋਤਲਾਂ ਨਾਲ ਬਣਾਇਆ ਗਿਆ ਸ਼ਾਨਦਾਰ ਘਰ

07/03/2019 4:32:54 PM

ਟੋਰਾਂਟੋ (ਬਿਊਰੋ)— ਪਲਾਸਟਿਕ ਵੇਸਟ ਪੂਰੀ ਦੁਨੀਆ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਇਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਨਾ ਦੇ ਬਰਾਬਰ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਸਮੱਸਿਆ ਦੇ ਨਿਪਟਾਰੇ ਲਈ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ। ਕੁਝ ਦੇਸ਼ਾਂ ਵਿਚ ਪਲਾਸਟਿਕ ਕਚਰੇ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਕਿਤੇ ਇਸ ਨਾਲ ਈਂਧਣ ਬਣਾਇਆ ਜਾ ਰਿਹਾ ਹੈ। ਉੱਥੇ ਕੈਨੇਡਾ ਦੇ ਬਿਲਡਰਾਂ ਨੇ ਪਲਾਸਟਿਕ ਦੇ ਕਚਰੇ ਨੂੰ ਵਾਤਾਵਰਣ ਦੇ ਅਨੁਕੂਲ ਢਾਲਣ ਦਾ ਨਵਾਂ ਤਰੀਕਾ ਖੋਜਿਆ ਹੈ। ਜੋਏਲ ਜਰਮਨ ਅਤੇ ਡੇਵਿਡ ਸਉਲਨਿਰ (Joel German and David Saulnier) ਦੀ ਅਗਵਾਈ ਵਾਲੀ ਨਿਰਮਾਣ ਕੰਪਨੀ ਜੇ.ਡੀ. ਕੰਪੋਜ਼ਿਟਸ (JD Composites) ਨੇ ਪਲਾਸਟਿਕ ਕਚਰੇ ਦੀ ਮਦਦ ਨਾਲ ਤਿੰਨ ਬੈੱਡਰੂਮ ਵਾਲਾ ਇਕ ਘਰ ਤਿਆਰ ਕੀਤਾ ਹੈ ਜੋ ਆਪਣੀ ਤਰ੍ਹਾਂ ਦਾ ਪਹਿਲਾ ਘਰ ਹੈ।

ਮੇਟਾਗਨ ਨਦੀ ਦੇ ਕਿਨਾਰੇ ਬਣਿਆ ਇਹ ਘਰ ਕਿਸੇ ਵੀ ਆਮ ਘਰ ਵਾਂਗ ਦਿੱਸਦਾ ਹੈ। ਇਸ ਵਿਚ ਇਕ ਰਸੋਈ ਘਰ, ਤਿੰਨ ਬੈੱਡਰੂਮ, ਬਾਥਰੂਮ ਅਤੇ ਟੈਰਿਸ ਹੈ। ਪਹਿਲੀ ਨਜ਼ਰ ਵਿਚ ਤੁਸੀਂ ਨਹੀਂ ਜਾਣ ਪਾਓਗੇ ਕਿ ਇਹ ਘਰ ਕਿਸ ਪਦਾਰਥ (material) ਨਾਲ ਬਣਿਆ ਹੈ। ਇਸ ਘਰ ਨੂੰ ਬਣਾਉਣ ਵਿਚ ਲੱਗਭਗ 6 ਲੱਖ ਤੋਂ ਜ਼ਿਆਦਾ ਪਲਾਸਟਿਕ ਬੋਤਲਾਂ ਦੀ ਵਰਤੋਂ ਕੀਤੀ ਗਈ ਹੈ। ਇਸ ਘਰ ਦੀਆਂ ਕੰਧਾਂ ਖਾਸ ਤਰ੍ਹਾਂ ਦੇ ਫੋਮ ਨਾਲ ਬਣਾਈਆਂ ਗਈਆਂ ਹਨ, ਜਿਸ ਨੂੰ ਪੀ.ਈ.ਟੀ. (Polyethylene Terephthalate) ਕਿਹਾ ਜਾਂਦਾ ਹੈ। 

ਇਸ ਨੂੰ ਬਣਾਉਣ ਲਈ ਪਲਾਸਟਿਕ ਕਚਰੇ ਨੂੰ ਰੀਸਾਈਕਲ ਕਰ ਕੇ ਨਵਾਂ ਆਕਾਰ ਦਿੱਤਾ ਗਿਆ ਹੈ। ਪੀ.ਈ.ਟੀ. ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਪਲਾਸਟਿਕ ਕਚਰੇ ਨੂੰ ਗਰਮ ਕਰ ਕੇ ਪਿਘਲਾਇਆ ਜਾਂਦਾ ਹੈ। ਦੂਜੇ ਪੜਾਅ ਵਿਚ ਪਿਘਲੇ ਹੋਏ ਪਲਾਸਟਿਕ ਕਚਰੇ ਨਾਲ ਛੋਟੇ-ਛੋਟੇ ਪੈਲੇਟਸ (pellets) ਬਣਾ ਲਏ ਜਾਂਦੇ ਹਨ। ਇਸ ਮਗਰੋਂ ਇਨ੍ਹਾਂ ਪੈਲੇਟਸ ਨੂੰ ਇਕ ਵੱਡੇ ਆਕਾਰ ਦੇ ਟੈਂਕ ਵਿਚ ਪਾਇਆ ਜਾਂਦਾ ਹੈ। ਇੱਥੇ ਇਨ੍ਹਾਂ ਪੈਲੇਟਸ ਨੂੰ ਗੈਸਾਂ ਨਾਲ ਮਿਲਾਇਆ ਜਾਂਦਾ ਹੈ। ਟੈਂਕ ਵਿਚ ਮੌਜੂਦ ਗੈਸ ਪਲਾਸਟਿਕ ਦੇ ਪੈਲੇਟਸ ਨੂੰ ਪਿਘਲਾ ਕੇ ਫੋਮ ਵਿਚ ਤਬਦੀਲ ਕਰ ਦਿੰਦੀ ਹੈ। ਟੈਂਕ ਵਿਚੋਂ ਬਾਹਰ ਨਿਕਲਣ ਦੇ ਬਾਅਦ ਇਹ ਫੋਮ ਬਿਲਕੁੱਲ ਸ਼ੇਵਿੰਗ ਫੋਮ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਜਿਵੇਂ ਹੀ ਬਾਹਰ ਕੱਢਿਆ ਜਾਂਦਾ ਹੈ ਇਹ ਫੈਲਣਾ ਸ਼ੁਰੂ ਹੋ ਜਾਂਦੀ ਹੈ। 

ਠੰਡੀ ਹੋਣ ਦੇ ਬਾਅਦ ਇਹ ਫੋਮ ਠੋਸ ਹੋ ਜਾਂਦੀ ਹੈ। ਇਹ ਫੋਮ ਨਾਂ ਤਾਂ ਸੜਦੀ ਹੈ ਅਤੇ ਨਾ ਹੀ ਇਸ ਵਿਚ ਉੱਲੀ ਲੱਗਦੀ ਹੈ। ਬਿਲਡਰਾਂ ਨੇ ਇਸੇ ਫੋਮ ਦੀ ਵਰਤੋਂ ਕਰ ਕੇ ਗ੍ਰੀਨ ਹਾਊਸ ਦੀਆਂ 5.9 ਇੰਚ ਦੀਆਂ ਕੰਧਾਂ ਦਾ ਨਿਰਮਾਣ ਕੀਤਾ ਹੈ। ਪਲਾਸਟਿਕ ਕਚਰੇ ਨਾਲ ਬਣੇ ਇਹ ਪੈਨਲ ਸਖਤ ਮੌਸਮ ਦਾ ਸਾਹਮਣਾ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹਨ। ਫੋਮ ਨੂੰ ਘਰ ਦੇ ਅੰਦਰ ਅਤੇ ਬਾਹਰ ਦੋਵੇਂ ਜਗ੍ਹਾ 'ਤੇ ਫਾਈਬਰਗਲਾਸ ਨਾਲ ਕਵਰ ਕੀਤਾ ਜਾਂਦਾ ਹੈ। ਸੂਰਜ ਦੀ ਰੋਸ਼ਨੀ ਤੋਂ ਬਚਾਉਣ ਲਈ ਇਸ 'ਤੇ ਯੂ.ਵੀ. ਪੇਂਟ ਦੀ ਪਰਤ ਚੜ੍ਹਾਈ ਜਾਂਦੀ ਹੈ। 

ਜਰਮਨ ਅਤੇ ਸਉਲਨਿਰ ਨੇ ਪੈਨਲ ਦੀ ਸਹਿਣ ਸ਼ਕਤੀ ਨੂੰ ਜਾਂਚਣ ਲਈ ਇਕ ਨਮੂਨਾ ਜਾਂਚ ਲਈ ਭੇਜਿਆ। ਪਰੀਖਣ ਦੌਰਾਨ ਸਾਹਮਣੇ ਆਇਆ ਕਿ ਪੈਨਲ ਸ਼੍ਰੇਣੀ 6 ਦੇ ਤੂਫਾਨ ਜਿਸ ਵਿਚ 326 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲਦੀਆਂ ਹਨ, ਉਸ ਦਾ ਸਾਹਮਣਾ ਵੀ ਆਸਾਨੀ ਨਾਲ ਕਰ ਸਕਦਾ ਹੈ। ਇੱਥੇ ਦੱਸ ਦਈਏ ਕਿ ਪੂਰੀ ਦੁਨੀਆ ਵਿਚ ਸਿਰਫ 4 ਕੰਪਨੀਆਂ ਹੀ ਹਨ ਜੋ ਇਸ ਫੋਮ ਨੂੰ ਬਣਾਉਂਦੀਆਂ ਹਨ। ਇਸ ਫੋਮ ਨਾਲ ਘਰ ਬਣਾਉਣ ਵਾਲੀ ਜੇ.ਡੀ. ਕੰਪੋਜ਼ਿਟ ਹੁਣ ਤੱਕ ਦੀ ਇਕੋਇਕ ਕੰਪਨੀ ਹੈ।

Vandana

This news is Content Editor Vandana