ਸ਼ਖਸ ਨੇ ਮਚਾਇਆ ਕੋਰੋਨਾਵਾਇਰਸ ਹੋਣ ਦਾ ਸ਼ੋਰ, ਵਾਪਸ ਮੋੜੀ ਗਈ ਫਲਾਈਟ

02/05/2020 11:51:40 AM

ਟੋਰਾਂਟੋ (ਬਿਊਰੋ): ਕੋਰੋਨਾਵਾਇਰਸ ਨੇ ਦੁਨੀਆ ਭਰ ਵਿਚ ਦਹਿਸ਼ਤ ਬਣਾਈ ਹੋਈ ਹੈ। ਕੁਝ ਲੋਕ ਇਸ ਸਬੰਧੀ ਅਫਵਾਹਾਂ ਵੀ ਫੈਲਾ ਰਹੇ ਹਨ। ਤਾਜ਼ਾ ਘਟਨਾਕ੍ਰਮ ਵਿਚ ਫਲਾਈਟ ਵਿਚ ਇਕ ਸ਼ਖਸ ਨੇ ਖੁਦ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਿਡ ਦੱਸ ਕੇ ਇੰਨ੍ਹਾ ਹੰਗਾਮਾ ਕੀਤਾ ਕਿ ਜਹਾਜ਼ ਦੀ ਐਮਰਸੈਂਜੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਉਸ ਸਮੇਂ ਫਲਾਈਟ ਹਵਾ ਵਿਚ ਸੀ ਜਦੋਂ ਇਕ ਸ਼ਖਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਕੋਰੋਨਾਵਾਇਰਸ ਹੈ। ਇਹ ਫਲਾਈਟ ਕੈਨੇਡਾ ਦੋ ਟੋਰਾਂਟੋ ਤੋਂ ਜਮੈਕਾ ਦੇ ਮੋਂਟੇਗਾ ਬੇ ਜਾ ਰਹੀ ਸੀ। ਸ਼ਖਸ ਦੇ ਹੰਗਾਮੇ ਕਾਰਨ ਫਲਾਈਟ ਨੂੰ ਵਾਪਸ ਮੋੜ ਲਿਆ ਗਿਆ। 

ਵੈਸਟਜੈੱਟ ਸਰਵਿਸ ਦੀ ਟੋਰਾਂਟੋ ਤੋਂ ਮੋਂਟੇਗੋ ਬੇ ਜਾ ਰਹੀ ਫਲਾਈਟ ਵਿਚ 29 ਸਾਲ ਦੇ ਕੈਨੇਡੀਅਨ ਨੌਜਵਾਨ ਜੇਮਜ਼ ਪੋਟੋਕ ਨੇ ਫਲਾਈਟ ਵਿਚ ਐਲਾਨ ਕੀਤਾ ਕਿ ਉਸ ਨੂੰ ਜਾਨਲੇਵਾ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੈ। ਪੁਲਸ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਦੇ ਐਲਾਨ ਦੇ ਬਾਅਦ ਫਲਾਈਟ ਵਿਚ ਹਫੜਾ-ਦਫੜਾ ਦਾ ਮਾਹੌਲ ਬਣ ਗਿਆ। ਪੁਲਸ ਵੱਲੋਂ ਦੱਸਿਆ ਗਿਆ ਕਿ ਇਸ ਨੌਜਵਾਨ ਨੇ ਦੱਸਿਆ ਕਿ ਉਹ ਚੀਨ ਗਿਆ ਸੀ ਅਤੇ ਉਸ ਨੂੰ ਕੋਰੋਨਾਵਾਇਰਸ ਹੈ। ਇਸ ਵਾਇਰਸ ਕਾਰਨ ਚੀਨ ਵਿਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲਾਈਟ ਵਿਚ ਦੂਜੇ ਯਾਤਰੀਆਂ ਵੱਲੋਂ ਕਿਹਾ ਗਿਆ ਕਿ ਉਹ ਸੈਲਫੀਆਂ ਲੈ ਰਿਹਾ ਸੀ ਅਤੇ ਫਿਰ ਉਸ ਨੇ ਵਾਇਰਸ ਨੂੰ ਲੈ ਕੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ।

 

ਕੁਝ ਦੇਰ ਬਾਅਦ ਪਾਇਲਟ ਨੂੰ ਸਮਝ ਆ ਗਿਆ ਕਿ ਇਹ ਸਿਰਫ ਇਕ ਅਫਵਾਹ ਹੈ ਪਰ ਉਸ ਕੋਲ ਫਲਾਈਟ ਨੂੰ ਟੋਰਾਂਟੋ ਵਾਪਸ ਮੋੜਨ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਿਆ ਸੀ। ਕੇਬਿਨ ਕਰੂ ਨੇ ਦੋਸ਼ੀ ਸ਼ਖਸ ਨੂੰ ਦਸਤਾਨੇ ਅਤੇ ਮਾਸਕ ਪਾਉਣ ਲਈ ਦਿੱਤਾ ਅਤੇ ਚੁੱਪਚਾਪ ਬੈਠਣ ਲਈ ਕਿਹਾ। ਇਸ ਯਾਤਰੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ ਸ਼ੋਰ ਮਚਾਉਣ ਦਾ ਦੋਸ਼ ਤੈਅ ਕੀਤਾ ਗਿਆ ਹੈ। ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਦੇ ਕਰੀਬ ਸਥਿਤ ਪੀਲ ਪੁਲਸ ਫੋਰਸ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੂੰ 9 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਵੈਸਟਜੈੱਟ ਦੇ ਬੁਲਾਰੇ ਨੇ ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ,''ਵੈਸਟਜੈੱਟ ਦੀ ਫਲਾਈਟ 2702 ਜੋ ਟੋਰਾਂਟੋ ਤੋਂ ਮੋਂਟੇਗੋ ਬੇ ਦੇ ਸਾਂਗਸਤੇਰ ਇੰਟਰਨੈਸ਼ਨਲ ਹਵਾਈ ਅੱਡੇ ਜਾ ਰਹੀ ਸੀ ਉਸ ਨੂੰ ਇਕ ਸ਼ਖਸ ਦੇ ਹੰਗਾਮੇ ਕਾਰਨ ਵਾਪਸ ਲਿਆਉਣਾ ਪਿਆ।'' ਬੁਲਾਰੇ ਨੇ ਫਲਾਈਟ ਵਿਚ ਮੌਜੂਦ 243 ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਮਾੜੀ ਸਥਿਤੀ ਦਾ ਸਾਹਮਣਾ ਕਰਨ ਜਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਘਟਨਾ ਕਾਰਨ ਫਲਾਈਟ 2702 ਅਤੇ 2703 ਰੱਦ ਕਰਨੀ ਪਈ। ਇਸ ਦੇ ਬਾਅਦ ਟੋਰਾਂਟੋ ਨੇ ਮੰਗਲਵਾਰ ਸਵੇਰੇ 6:45 'ਤੇ ਇਕ ਵਾਧੂ ਫਲਾਈਟ ਨੂੰ ਮੋਂਟੇਗੋ ਬੇ ਲਈ ਰਵਾਨਾ ਕੀਤਾ।

Vandana

This news is Content Editor Vandana